ਨਿਊ ਯਾਰਕ ਦੇ ਮੇਅਰ ਦੀ ਚੋਣ ਵਿਚ ਸਿੱਖਾਂ ਦਾ ਜ਼ੋਰਦਾਰ ਪ੍ਰਚਾਰ

ਨਿਊ ਯਾਰਕ : ਨਿਊ ਯਾਰਕ ਦੇ ਮੇਅਰ ਦੀ ਚੋਣ ਲਈ ਪ੍ਰਚਾਰ ਅੰਤਮ ਪੜਾਅ ਵਿਚ ਦਾਖਲ ਹੋ ਚੁੱਕਾ ਹੈ ਅਤੇ ਸਿੱਖ ਭਾਈਚਾਰਾ ਜ਼ੋਹਰਾਨ ਮਮਦਾਨੀ ਦੇ ਹੱਕ ਵਿਚ ਡਟਿਆ ਹੋਇਆ ਹੈ। ਕੁਈਨਜ਼ ਦੇ ਫੌਰੈਸਟ ਹਿਲਜ਼ ਸਟੇਡੀਅਮ ਵਿਖੇ 13 ਹਜ਼ਾਰ ਤੋਂ ਵੱਧ ਲੋਕ ਇਕੱਤਰ ਹੋਏ ਅਤੇ ਨਿਊ ਯਾਰਕ ਦੀ ਗਵਰਨਰ ਕੈਥੀ ਹੋਚਲ ਸਣੇ ਬਰਨੀ ਸੈਂਡਰਜ਼ ਨੇ ਵੀ ਹਾਜ਼ਰੀ ਲਗਵਾਈ। ਗਵਰਨਰ ਵੱਲੋਂ ਭੀੜ ਨੂੰ ਡੌਨਲਡ ਟਰੰਪ ਵਿਰੁੱਧ ਭੜਕਾਉਣ ਦਾ ਯਤਨ ਕੀਤਾ ਗਿਆ ਪਰ ਇਸੇ ਦੌਰਾਨ ਅਮੀਰਾਂ ’ਤੇ ਟੈਕਸ ਲਾਉ ਦੇ ਨਾਹਰੇ ਗੂੰਜਣ ਲੱਗੇ।
ਜ਼ੋਹਰਾਨ ਮਮਦਾਨੀ ਦੇ ਹੱਕ ਵਿਚ ਡਟਿਆ ਭਾਈਚਾਰਾ
ਲੋਕਾਂ ਨੇ ਮਿਹਣੇ ਮਾਰ ਕੇ ਗਵਰਨਰ ਨੂੰ ਕੱਚੀ ਜਿਹੀ ਕਰ ਦਿਤਾ ਜੋ ਲਗਾਤਾਰ ਕਹਿ ਰਹੇ ਸਨ ਕਿ ਤੁਸੀਂ ਗਵਰਨਰ ਹੋ, ਕੁਝ ਕਰੋ। ਉਧਰ ਸਿੱਖ ਆਗੂਆਂ ਦਾ ਕਹਿਣਾ ਸੀ ਕਿ ਘੱਟ ਗਿਣਤੀਆਂ ਵਿਚੋਂ ਮੇਅਰ ਦੇ ਚੁਣੇ ਜਾਣ ਨਾਲ ਨਿਊ ਯਾਰਕ ਸ਼ਹਿਰ ਸਣੇ ਪੂਰੇ ਮੁਲਕ ਵਿਚ ਘੱਟ ਗਿਣਤੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਜਾ ਸਕਦਾ ਹੈ। ਚੋਣ ਸਰਵੇਖਣਾਂ ’ਤੇ ਝਾਤ ਮਾਰੀ ਜਾਵੇ ਤਾਂ ਮਮਦਾਨੀ ਦੀ ਜਿੱਤ ਪੱਕੀ ਨਜ਼ਰ ਆ ਰਿਹਾ ਹੈ ਜਿਨ੍ਹਾਂ ਦਾ ਸਿੱਧਾ ਪੇਚਾ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਪੈਣਾ ਹੈ। ਸਮਾਜਵਾਦੀ ਸੋਚ ਵਾਲੇ ਮਮਦਾਨੀ ਵਿਰੁੱਧ ਕੂੜ ਪ੍ਰਚਾਰ ਕਰਨ ਦਾ ਯਤਨ ਕੀਤਾ ਗਿਆ ਪਰ ਨਿਊ ਯਾਰਕ ਦੇ ਲੋਕ ਉਨ੍ਹਾਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ।
