Hamdard Media Group

    ਅਮਰੀਕਾ ਵਿਚ ਭਾਰਤੀ ਔਰਤ ਵੱਲੋਂ ਪਤੀ ਉਤੇ ਛੁਰੀ ਨਾਲ ਹਮਲਾ

    by Upjit Singh |
    ਅਮਰੀਕਾ ਵਿਚ ਭਾਰਤੀ ਔਰਤ ਵੱਲੋਂ ਪਤੀ ਉਤੇ ਛੁਰੀ ਨਾਲ ਹਮਲਾ
    X

    ਸ਼ਾਰਲੈਟ : ਅਮਰੀਕਾ ਵਿਚ ਭਾਰਤੀ ਮੂਲ ਦੀ ਇਕ ਔਰਤ ਨੂੰ ਆਪਣੇ ਪਤੀ ਉਤੇ ਛੁਰੇ ਨਾਲ ਵਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਔਰਤ ਦੀ ਸ਼ਨਾਖਤ 45 ਸਾਲ ਦੀ ਚੰਦਰਪ੍ਰਭਾ ਸਿੰਘ ਵਜੋਂ ਕੀਤੀ ਗਈ ਹੈ ਜੋ ਨੌਰਥ ਕੈਰੋਲਾਈਨਾ ਦੇ ਸ਼ਾਰਲਟ ਸ਼ਹਿਰ ਵਿਚ ਸਹਾਇਕ ਐਲੀਮੈਂਟਰੀ ਟੀਚਰ ਵਜੋਂ ਕੰਮ ਕਰ ਰਹੀ ਸੀ। ਮੀਡੀਆ ਰਿਪੋਰਟ ਮੁਤਾਬਕ ਪਤੀ ਵੱਲੋਂ ਘਰ ਦੀ ਸਫ਼ਾਈ ਨਾ ਕੀਤੇ ਜਾਣ ਤੋਂ ਗੁੱਸੇ ਵਿਚ ਆਈ ਚੰਦਰਪ੍ਰਭਾ ਸਿੰਘ ਨੇ ਕਥਿਤ ਤੌਰ ’ਤੇ ਰਸੋਈ ਵਿਚ ਪਈ ਛੁਰੀ ਨਾਲ ਪਤੀ ਦੀ ਗਰਦਨ ’ਤੇ ਵਾਰ ਕਰ ਦਿਤਾ।

    ਘਰ ਦੀ ਸਾਫ਼-ਸਫ਼ਾਈ ਨਾ ਹੋਣ ਤੋਂ ਤੰਗ ਸੀ ਚੰਦਰਪ੍ਰਭਾ

    ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਫੌਕਸਹੈਵਨ ਡਰਾਈਵ ਇਲਾਕੇ ਨਾਲ ਸਬੰਧਤ ਮਹਿਲਾ ਵਿਰੁੱਧ ਖਤਰਨਾਕ ਹਥਿਆਰ ਨਾਲ ਹਮਲਾ ਕਰਦਿਆਂ ਗੰਭੀਰ ਜ਼ਖਮੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਅਦਾਲਤ ਵਿਚ ਦਾਇਰ ਹਲਫ਼ਨਾਮੇ ਮੁਤਾਬਕ ਚੰਦਰਪ੍ਰਭਾ ਦੇ ਪਤੀ ਅਰਵਿੰਦ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਘਰ ਦੀ ਸਫ਼ਾਈ ਦੇ ਮੁੱਦੇ ਨੂੰ ਲੈ ਕੇ ਮਾਮਲਾ ਵਧਿਆ ਅਤੇ ਚੰਦਰਪ੍ਰਭਾ ਨੇ ਛੁਰੇ ਨਾਲ ਵਾਰ ਕਰ ਦਿਤਾ। ਉਧਰ ਚੰਦਰਪ੍ਰਭਾ ਨੇ ਦਾਅਵਾ ਕੀਤਾ ਕਿ ਉਹ ਖਾਣਾ ਬਣਾ ਰਹੀ ਸੀ ਜਦੋਂ ਉਸ ਦੇ ਪਤੀ ਨੇ ਕੰਮ ਵਿਚ ਮਦਦ ਮੰਗੀ। ਘਰ ਦੀ ਸਾਫ਼-ਸਫ਼ਾਈ ਚੰਗੀ ਤਰ੍ਹਾਂ ਨਾ ਹੋਣ ਕਾਰਨ ਉਸ ਨੂੰ ਗੁੱਸਾ ਚੜ੍ਹ ਗਿਆ ਅਤੇ ਜਦੋਂ ਉਹ ਪਿੱਛੇ ਮੁੜੀ ਤਾਂ ਦੁਰਘਟਨਾਵਸ ਪਤੀ ਦੀ ਗਰਦਨ ’ਤੇ ਛੁਰੀ ਵੱਜ ਗਈ। ਪੁਲਿਸ ਅਫ਼ਸਰਾਂ ਦੇ ਮੌਕਾ ਏ ਵਾਰਦਾਤ ’ਤੇ ਪਹੁੰਚਣ ਤੋਂ ਪਹਿਲਾਂ ਹੀ ਅਰਵਿੰਦ ਸਿੰਘ ਨੂੰ ਹਸਪਤਾਲ ਲਿਜਾਇਆ ਜਾ ਚੁੱਕਾ ਸੀ।

    ਪਤੀ ਨੇ ਲਾਏ ਪਤਨੀ ਉਤੇ ਗੰਭੀਰ ਦੋਸ਼

    ਚੰਦਰਪ੍ਰਭਾ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ ਅਤੇ ਮੁਢਲੇ ਤੌਰ ’ਤੇ ਮੈਜਿਸਟ੍ਰੇਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਪਰ ਬਾਅਦ ਵਿਚ 10 ਹਜ਼ਾਰ ਡਾਲਰ ਦੇ ਮੁਚਲਕੇ ’ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿਤੇ ਗਏ। ਚੰਦਰਪ੍ਰਭਾ ਨੂੰ ਸਖ਼ਤ ਸ਼ਰਤਾਂ ਦੇ ਆਧਾਰ ’ਤੇ ਰਿਹਾਈ ਮਿਲੀ ਹੈ ਜਿਨ੍ਹਾਂ ਵਿਚ ਗਿੱਟੇ ’ਤੇ ਨਿਗਰਾਨੀ ਕਰਨ ਵਾਲਾ ਇਲੈਕਟ੍ਰਾਨਿਕ ਯੰਤਰ ਬੰਨ੍ਹਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਪਤੀ ਨਾਲ ਕਿਸੇ ਵੀ ਤਰੀਕੇ ਨਾਲ ਸੰਪਰਕ ਨਾ ਕਰਨ ਦੀ ਹਦਾਇਤ ਦਿਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹੈਰਾਨਕੁੰਨ ਮਾਮਲਾ ਸਾਹਮਣੇ ਆਉਣ ਮਗਰੋਂ ਚੰਦਰਪ੍ਰਭਾ ਸਿੰਘ ਨੂੰ ਐਲੀਮੈਂਟਰੀ ਸਕੂਲ ਵਿਚੋਂ ਮੁਅੱਤਲ ਕਰ ਦਿਤਾ ਗਿਆ ਹੈ।

    Next Story