Hamdard Media Group

    America ’ਚ ਇਕ ਹੋਰ ਟਰੱਕ ਦਾ ਯੂ-ਟਰਨ

    by Upjit Singh |

    ਅਮਰੀਕਾ ਦੇ ਹਾਈਵੇਜ਼ ’ਤੇ ਯੂ-ਟਰਨ ਪੰਜਾਬੀ ਟਰੱਕ ਡਰਾਈਵਰਾਂ ਨੂੰ ਬਿਲਕੁਲ ਰਾਸ ਨਹੀਂ ਆਉਂਦਾ ਅਤੇ ਫ਼ਲੋਰੀਡਾ ਵਿਚ ਹੌਲਨਾਕ ਹਾਦਸੇ ਮਗਰੋਂ ਗ੍ਰਿਫ਼ਤਾਰ ਹਰਜਿੰਦਰ ਸਿੰਘ ਨੂੰ 6 ਮਹੀਨੇ ਬਾਅਦ ਵੀ ਜ਼ਮਾਨਤ ਨਹੀਂ ਮਿਲ ਸਕੀ

    America ’ਚ ਇਕ ਹੋਰ ਟਰੱਕ ਦਾ ਯੂ-ਟਰਨ
    X

    ਡੈਨਵਰ : ਅਮਰੀਕਾ ਦੇ ਹਾਈਵੇਜ਼ ’ਤੇ ਯੂ-ਟਰਨ ਪੰਜਾਬੀ ਟਰੱਕ ਡਰਾਈਵਰਾਂ ਨੂੰ ਬਿਲਕੁਲ ਰਾਸ ਨਹੀਂ ਆਉਂਦਾ ਅਤੇ ਫ਼ਲੋਰੀਡਾ ਵਿਚ ਹੌਲਨਾਕ ਹਾਦਸੇ ਮਗਰੋਂ ਗ੍ਰਿਫ਼ਤਾਰ ਹਰਜਿੰਦਰ ਸਿੰਘ ਨੂੰ 6 ਮਹੀਨੇ ਬਾਅਦ ਵੀ ਜ਼ਮਾਨਤ ਨਹੀਂ ਮਿਲ ਸਕੀ ਪਰ ਦੂਜੇ ਪਾਸੇ ਕੈਂਟਕੀ ਸੂਬੇ ਵਿਚ ਇਕ ਹੋਰ ਯੂ-ਟਰਨ ਸਾਹਮਣੇ ਆਇਆ ਜਿਥੇ ਦੋ ਟਰੱਕ ਆਪਸ ਵਿਚ ਭਿੜ ਗਏ ਅਤੇ ਅੱਗ ਦੇ ਭਾਂਬੜ ਬਲ ਉਠੇ। ਖੁਸ਼ਕਿਸਮਤੀ ਨਾਲ ਦੋਵੇਂ ਡਰਾਈਵਰ ਆਪੋ ਆਪਣੇ ਟਰੱਕਾਂ ਵਿਚੋਂ ਬਾਹਰ ਨਿਕਲਣ ਵਿਚ ਸਫ਼ਲ ਰਹੇ ਜਿਨ੍ਹਾਂ ਵਿਚੋਂ ਇਕ ਟਰੱਕ ਡਰਾਈਵਰ ਮਾਮੂਲੀ ਤੌਰ ’ਤੇ ਜ਼ਖਮੀ ਹੋਇਆ ਜਦਕਿ ਦੂਜਾ ਬਿਲਕੁਲ ਠੀਕ-ਠਾਕ ਹੈ। ਐਨਾ ਵੱਡਾ ਹਾਦਸਾ ਹੋਣ ਤੋਂ ਬਾਅਦ ਵੀ ਕੋਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਨਹੀਂ ਹੋ ਰਹੀ ਅਤੇ ਦੋਵੇਂ ਟਰੱਕ ਡਰਾਈਵਰ ਇੰਮੀਗ੍ਰੇਸ਼ਨ ਸਟੇਟਸ ਪੱਖੋਂ ਅਮਰੀਕਾ ਵਿਚ ਪੱਕੇ ਦੱਸੇ ਜਾ ਰਹੇ ਹਨ। ਕੈਂਟਕੀ ਹਾਈਵੇਅ ਪੈਟਰੋਲ ਨੇ ਦੱਸਿਆ ਕਿ ਹਾਰਡਿਨ ਕਾਊਂਟੀ ਵਿਚ ਸੋਮਵਾਰ ਰਾਤ ਤਕਰੀਬਨ 9.30 ਵਜੇ ਹਾਦਸਾ ਵਾਪਰਿਆ। ਟੈਨੇਸੀ ਦੇ 41 ਸਾਲਾ ਤਜਰਬੇਕਾਰ ਟਰੱਕ ਡਰਾਈਵਰ ਨੇ ਗਲਤ ਤਰੀਕੇ ਨਾਲ ਆਪਣਾ ਟਰੱਕ ਮੋੜਿਆ ਅਤੇ ਦੂਜੇ ਪਾਸਿਓਂ ਆ ਰਿਹਾ ਡਰਾਈਵਰ ਆਪਣਾ ਟਰੱਕ ਰੋਕਣ ਵਿਚ ਅਸਫ਼ਲ ਰਿਹਾ। ਬਲੂ ਗ੍ਰਾਸ ਪਾਰਕਵੇਅ ਇਲਾਕੇ ਵਿਚ ਹਾਦਸੇ ਮਗਰੋਂ ਹਾਈਵੇਅ ਨੂੰ ਕਈ ਘੰਟੇ ਬੰਦ ਰੱਖਣਾ ਪਿਆ ਅਤੇ ਫਿਲਹਾਲ ਯੂ-ਟਰਨ ਲੈਣ ਵਾਲੇ ਟਰੱਕ ਡਰਾਈਵਰ ਵਿਰੁੱਧ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ। ਇਹੋ ਹਾਦਸਾ ਇੰਮੀਗ੍ਰੇਸ਼ਨ ਸਟੇਟਸ ਪੱਖੋਂ ਕੱਚੇ ਕਿਸੇ ਡਰਾਈਵਰ ਨਾਲ ਵਾਪਰਿਆ ਹੁੰਦਾ ਤਾਂ ਹੁਣ ਤੱਕ ਆਈਸ ਵਾਲੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਲੈ ਜਾਂਦੇ ਹਨ ਅਤੇ ਡਿਪੋਰਟ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਕਤਾਰ ਵਿਚ ਖੜ੍ਹਾ ਕਰ ਦਿਤਾ ਜਾਂਦਾ।

    2 ਟਰੱਕ ਹੋ ਗਏ ਸੜ ਕੇ ਸੁਆਹ

    ਇਥੇ ਦਸਣਾ ਬਣਦਾ ਹੈ ਕਿ ਕੈਲੇਫੋਰਨੀਆ ਵਿਚ ਜਸ਼ਨਪ੍ਰੀਤ ਸਿੰਘ ਨਾਲ ਵਾਪਰੇ ਹਾਦਸੇ ਨਾਲ ਸਬੰਧਤ ਵੀਡੀਓ ਹੁਣ ਤੱਕ ਇੰਮੀਗ੍ਰੇਸ਼ਨ ਐਂਡ ਕਸਮਟਜ਼ ਐਨਫ਼ੋਰਸਮੈਂਟ ਵਾਲੇ ਸ਼ੇਅਰ ਕਰ ਰਹੇ ਹਨ ਅਤੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਵੈਬਸਾਈਟ ’ਤੇ ਵੀ ਇਹ ਵੀਡੀਓ ਨਜ਼ਰ ਆ ਰਹੀ ਹੈ। ਦੂਜੇ ਪਾਸੇ ਕੋਲੋਰਾਡੋ ਸੂਬੇ ਵਿਚ ਕਈ ਟਰੱਕਾਂ ਸਣੇ 30 ਤੋਂ ਵੱਧ ਗੱਡੀਆਂ ਆਪਸ ਵਿਚ ਭਿੜ ਗਈਆਂ ਅਤੇ ਘੱਟੋ ਘੱਟ ਚਾਰ ਜਣਿਆਂ ਦੇ ਦਮ ਤੋੜਨ ਦੀ ਰਿਪੋਰਟ ਹੈ। ਜਾਂਚਕਰਤਾਵਾਂ ਨੇ ਦੱਸਿਆ ਕਿ ਤੇਜ਼ ਹਵਾਵਾਂ ਕਰ ਕੇ ਧੂੜ-ਮਿੱਟੀ ਅਸਮਾਨ ਵਿਚ ਚੜ੍ਹ ਗਈ ਅਤੇ ਵਿਜ਼ੀਬੀਲਿਟੀ ਬਹੁਤ ਜ਼ਿਆਦਾ ਘਟਣ ਕਰ ਕੇ ਟਰੱਕ ਅਤੇ ਕਾਰਾਂ ਇਕ ਦੇ ਪਿੱਛੇ ਇਕ ਕਰੈਸ਼ ਹੁੰਦੇ ਗਏ। ਕੋਲੋਰਾਡੋ ਸਪ੍ਰਿੰਗਜ਼ ਤੋਂ 40 ਮੀਲ ਦੱਖਣ ਵੱਲ ਵਾਪਰੇ ਹਾਦਸੇ ਦੌਰਾਨ ਜ਼ਖਮੀ ਲੋਕਾਂ ਵਿਚੋਂ 29 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਬਾਕੀਆਂ ਦੀ ਮੌਕੇ ’ਤੇ ਮੱਲ੍ਹਮ-ਪੱਟੀ ਕਰ ਦਿਤੀ ਗਈ। ਜ਼ਖਮੀਆਂ ਵਿਚੋਂ ਕਈ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਹਾਈਵੇਅ ਪੈਟਰੋਲ ਵੱਲੋਂ ਜਲਦ ਹੀ ਵਿਸਤਾਰਤ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਕੋਲੋਰਾਡੋ ਸਟੇਟ ਪੈਟਰੋਲ ਦੇ ਬ੍ਰਾਇਨ ਲੀਔਨਜ਼ ਮੁਤਾਬਕ ਵੱਡੇ ਹਾਦਸੇ ਦਾ ਕਾਰਨ ਬਣਿਆ ਝੱਖੜ ਕੁਝ ਸਮੇਂ ਬਾਅਦ ਬੰਦ ਹੋ ਗਿਆ ਅਤੇ ਸੜਕੀ ਆਵਾਜਾਈ ਦੇ ਰਾਹ ਵਿਚ ਪੈਦਾ ਹੋ ਰਹੇ ਅੜਿੱਕੇ ਖ਼ਤਮ ਹੋ ਗਏ।

    6 ਟਰੱਕਾਂ ਅਤੇ 25 ਕਾਰਾਂ ਦੀ ਟੱਕਰ ਦੌਰਾਨ 4 ਮੌ.ਤਾਂ

    ਇੰਟਰਸਟੇਟ 25 ’ਤੇ ਧੂੜ ਭਰੀਆਂ ਹਵਾਵਾਂ ਦੌਰਾਨ ਕੁਝ ਲੋਕਾਂ ਨੇ ਗੱਡੀਆਂ ਇਕ ਪਾਸੇ ਰੋਕ ਕੇ ਮੌਸਮ ਠੀਕ ਹੋਣ ਦੀ ਉਡੀਕ ਕੀਤੀ ਪਰ ਇਸੇ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਜਿਥੇ ਉਤਰ ਵੱਲ ਜਾ ਰਹੀਆਂ ਲੇਨਜ਼ ’ਤੇ ਵੱਡਾ ਹਾਦਸਾ ਵਾਪਰਿਆ, ਉਥੇ ਹੀ ਦੱਖਣ ਵੱਲ ਜਾਂਦੀਆਂ ਲੇਨਜ਼ ’ਤੇ ਵੀ ਕਰੈਸ਼ ਹੋਣ ਦੀ ਰਿਪੋਰਟ ਹੈ ਪਰ ਇਹ ਜ਼ਿਆਦਾ ਖ਼ਤਰਨਾਕ ਸਾਬਤ ਨਾ ਹੋਇਆ। ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਵੱਖ ਵੱਖ ਗੱਡੀਆਂ ਨਾਲ ਸਬੰਧਤ ਸਨ ਅਤੇ ਕਿਸੇ ਟਰੱਕ ਡਰਾਈਵਰ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ। ਦੱਸ ਦੇਈਏ ਕਿ ਅਮਰੀਕਾ ਵਿਚ ਪਿਛਲੇ ਸਮੇਂ ਦੌਰਾਨ ਆਏ ਬਰਫ਼ੀਲੇ ਤੂਫ਼ਾਨ ਮਗਰੋਂ ਕਿਸੇ ਹਾਈਵੇਅ ’ਤੇ ਵਾਪਰਿਆ ਇਹ ਸਭ ਤੋਂ ਵੱਡਾ ਹਾਦਸਾ ਮੰਨਿਆ ਜਾ ਰਿਹਾ ਹੈ ਜਿਥੇ ਜਾਨੀ ਅਤੇ ਮਾਲੀ ਦੋਵੇਂ ਨੁਕਸਾਨ ਸਾਹਮਣੇ ਆਏ।

    Next Story