Hamdard Media Group

    ਅਮਰੀਕਾ : ਜਸ਼ਨਪ੍ਰੀਤ ਦੇ ਮੁੱਦੇ ’ਤੇ ਭਿੜੇ ਪੰਜਾਬੀ

    by Upjit Singh |
    ਅਮਰੀਕਾ : ਜਸ਼ਨਪ੍ਰੀਤ ਦੇ ਮੁੱਦੇ ’ਤੇ ਭਿੜੇ ਪੰਜਾਬੀ
    X

    ਕੈਲੇਫੋਰਨੀਆ : ਡੌਨਲਡ ਟਰੰਪ ਦੀ ਪਾਰਟੀ ਨਾਲ ਸਬੰਧਤ ਪੰਜਾਬੀ ਸਿਆਸਤਦਾਨ ਵੱਲੋਂ ਜਸ਼ਨਪ੍ਰੀਤ ਸਿੰਘ ਦਾ ਤਿੱਖਾ ਵਿਰੋਧ ਕੀਤੇ ਜਾਣ ਮਗਰੋਂ ਸੋਸ਼ਲ ਮੀਡੀਆ ’ਤੇ ਟਿੱਪਣੀਆਂ ਦਾ ਹੜ੍ਹ ਆ ਗਿਆ ਹੈ ਅਤੇ ਉਸ ਗੋਰੇ ਟਰੱਕ ਡਰਾਈਵਰ ਦੀ ਮਿਸਾਲ ਦਿਤੀ ਜਾ ਰਹੀ ਹੈ ਜਿਸ ਨੂੰ 8 ਮੌਤਾਂ ਤੋਂ ਬਾਅਦ ਵੀ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ। ਰਿਪਬਲਿਕਨ ਪਾਰਟੀ ਦੇ ਅਮਰਿੰਦਰ ਖਟੜਾ ਨੇ ਟਵੀਟ ਕਰਦਿਆਂ ਕਿਹਾ ਕਿ ਕਿਸੇ ਸਿੱਖ ਜਥੇਬੰਦੀ ਨੂੰ ਜਸ਼ਨਪ੍ਰੀਤ ਸਿੰਘ ਦੀ ਮਦਦ ਵਾਸਤੇ ਅੱਗੇ ਨਹੀਂ ਆਉਣਾ ਚਾਹੀਦਾ। ਅਮਰੀਕਾ ਵਿਚ ਵਸਦਾ ਸਿੱਖ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਜਸ਼ਨਪ੍ਰੀਤ ਸਿੰਘ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਜ਼ਾ ਮੁਕੰਮਲ ਹੋਣ ਮਗਰੋਂ ਡਿਪੋਰਟ ਕਰ ਦਿਤਾ ਜਾਵੇ। ਅਮਰਿੰਦਰ ਖਟੜਾ ਇਥੇ ਹੀ ਨਹੀਂ ਰੁਕੇ ਅਤੇ ਕਿਹਾ ਕਿ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਵਿਭਾਗ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਦੀ ਪ੍ਰਕਿਰਿਆ ਸੂਬਾ ਸਰਕਾਰਾਂ ਤੋਂ ਖੋਹ ਕੇ ਆਪਣੇ ਹੱਥਾਂ ਵਿਚ ਲੈ ਲੈਣੀ ਚਾਹੀਦੀ ਹੈ।

    ‘ਕੋਈ ਸਿੱਖ ਜਥੇਬੰਦੀ ਜਸ਼ਨਪ੍ਰੀਤ ਦੀ ਮਦਦ ਨਾ ਕਰੇ’

    ਦੂਜੇ ਪਾਸੇ ਅਮਰਿੰਦਰ ਖਟੜਾ ਦੇ ਵਿਚਾਰਾਂ ’ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਇਕ ਵਰਤੋਂਕਾਰ ਨੇ ਕਿਹਾ ਕਿ ਬਿਨਾਂ ਸ਼ੱਕ ਜਸ਼ਨਪ੍ਰੀਤ ਸਿੰਘ ਦੀ ਹਮਾਇਤ ਨਹੀਂ ਕਰਨੀ ਚਾਹੀਦੀ ਪਰ ਉਸ ਵਿਰੁੱਧ ਵੱਡੇ ਵੱਡੇ ਬਿਆਨ ਵੀ ਨਹੀਂ ਆਉਣੇ ਚਾਹੀਦੇ। ਇਕ ਹੋਰ ਸੋਸ਼ਲ ਮੀਡੀਆ ਵਰਤੋਂਕਾਰ ਸੰਦੀਪ ਬਾਸੀ ਨੇ ਕਿਹਾ, ‘‘ਮੈਨੂੰ ਇਕ ਗੱਲ ਸਮਝ ਨਹੀਂ ਆਉਂਦੀ ਸਾਡੇ ਭਾਈਚਾਰੇ ਦੇ ਲੋਕ ਆਪਣਿਆਂ ਵਿਰੁੱਧ ਹੀ ਝੰਡਾ ਚੁੱਕ ਕੇ ਕਿਉਂ ਖੜ੍ਹੇ ਹੋ ਜਾਂਦੇ ਹਨ। ਕੁਝ ਦਿਨ ਪਹਿਲਾਂ ਇਕ ਹਾਦਸਾ ਵਾਪਰ ਜਿਥੇ ਗੋਰੇ ਡਰਾਈਵਰ ਦੀ ਅਣਗਹਿਲੀ ਨਾਲ 3 ਬੱਚਿਆਂ ਸਣੇ 8 ਜਣਿਆਂ ਦੀ ਮੌਤ ਹੋਈ ਪਰ ਇਸ ਬਾਰੇ ਕਿਸੇ ਨੇ ਕੋਈ ਪੋਸਟ ਸਾਂਝੀ ਨਹੀਂ ਕੀਤੀ।’’ ਇਥੇ ਦਸਣਾ ਬਣਦਾ ਹੈ ਕਿ ਕੇਨ ਹੈਮੌਕ ਨਾਂ ਦੇ ਟਰੱਕ ਡਰਾਈਵਰ ਨੂੰ ਹੌਲਨਾਕ ਹਾਦਸੇ ਦੇ ਬਾਵਜੂਦ 83 ਹਜ਼ਾਰ ਡਾਲਰ ਦੇ ਮੁਚਲਕੇ ਦੇ ਰਿਹਾਅ ਕਰ ਦਿਤਾ ਗਿਆ ਜਦਕਿ ਜਸ਼ਨਪ੍ਰੀਤ ਸਿੰਘ ਦੇ ਮਾਮਲੇ ਦੀ ਅਗਲੀ ਸੁਣਵਾਈ 4 ਨਵੰਬਰ ਨੂੰ ਹੋਣੀ ਹੈ।

    ਟਰੰਪ ਹਮਾਇਤੀ ਅਮਰਿੰਦਰ ਖਟੜਾ ਦੇ ਟਵੀਟ ’ਤੇ ਛਿੜੀ ਬਹਿਸ

    ਦੂਜੇ ਪਾਸੇ ਜਸ਼ਨਪ੍ਰੀਤ ਸਿੰਘ ਦੇ ਮਾਪੇ ਆਪਣੇ ਪੁੱਤ ਦੀ ਰਿਹਾਈ ਵਾਸਤੇ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਜਸ਼ਨਪ੍ਰੀਤ ਸਿੰਘ ਦੇ ਪਿਤਾ ਬੀਤੇ ਦਿਨ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਅਤੇ ਮਦਦ ਦੀ ਮੰਗ ਕੀਤੀ। ਇਸੇ ਦੌਰਾਨ ਇਕ ਹੋਰ ਵਰਤੋਂਕਾਰ ਨੇ ਅਮਰਿੰਦਰ ਖਟੜਾ ਦਾ ਪੱਖ ਪੂਰਦਿਆਂ ਕਿਹਾ ਕਿ ਜਸ਼ਨਪ੍ਰੀਤ ਦੀ ਨਿਖੇਧੀ ਨਾ ਕਰਨ ਵਾਲੇ ਅਸਲ ਵਿਚ ਮੂਰਖ ਹਨ। ਗਲਤੀ ਕਰਨ ਵਾਲੇ ਦੀ ਹਰ ਹਾਲਤ ਵਿਚ ਨਿਖੇਧੀ ਹੋਣੀ ਚਾਹੀਦੀ ਹੈ। ਇਕ ਵਰਤੋਂਕਾਰ ਨੇ ਕਿਹਾ ਕਿ ਤੁਸੀਂ ਵੀਡੀਓ ਨਹੀਂ ਦੇਖੀ, ਜੇ ਉਨ੍ਹਾਂ ਗੱਡੀਆਂ ਵਿਚ ਤੁਹਾਡੇ ਬੱਚੇ ਹੁੰਦੇ ਤਾਂ ਤੁਸੀਂ ਕੀ ਕਰਦੇ?

    Next Story