ਸਾਕਾ ‘ਨੀਲਾ ਤਾਰਾ’ ਨੂੰ ਟਾਲਿਆ ਜਾ ਸਕਦਾ ਸੀ: ਪੀ. ਚਿਦੰਬਰਮ

ਚੰਡੀਗੜ੍ਹ (ਗੁਰਪਿਆਰ ਸਿੰਘ)- ਪਿਛਲੇ ਕੁੱਝ ਕੁ ਦਿਨਾਂ ਦੌਰਾਨ ਦੋ ਸਾਬਕਾ ਕੇਂਦਰੀ ਮੰਤਰੀਆਂ ਦੇ ਇਸ ਸਾਕੇ ਬਾਰੇ ਬਿਆਨਾਂ ਨੇ ਕਾਂਗਰਸ ਪਾਰਟੀ ਨੂੰ ਕਸੂਤੀ ਸਥਿਤੀ ਵਿਚ ਫਸਾ ਦਿਤਾ ਹੈ। ਸ਼ਨੀਵਾਰ ਨੂੰ ਕਸੌਲੀ ਵਿਚ ਖ਼ੁਸ਼ਵੰਤ ਸਿੰਘ ਸਾਹਿੱਤਕ ਮੇਲੇ (ਖ਼ੁਸ਼ਵੰਤ ਸਿੰਘ ਲਿੱਟਫੈਸਟ) ਦੌਰਾਨ ਸਾਬਕਾ ਕੇਂਦਰੀ ਵਿੱਤ ਤੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ‘‘ਦਰਬਾਰ ਸਾਹਿਬ ਵਿਚੋਂ 1984 ਵਿਚ ਅਤਿਵਾਦੀਆਂ ਨੂੰ ਕੱਢਣ ਲਈ ਫ਼ੌਜੀ ਕਾਰਵਾਈ ਦਾ ਸਹਾਰਾ ਲੈਣਾ ਗ਼ਲਤ ਰਾਹ ਸੀ। ਉਹਨਾਂ ਨੇ ਪਹਿਲਾਂ ਵੀ ਮੁੰਬਈ ਹਮਲਿਆਂ ਨੂੰ ਲੈ ਕਿ ਆਪਣੀ ਹੀ ਸਰਕਾਰ ਨੂੰ ਘੇਰਾ ਪਾਇਆ ਸੀ।
ਪੀ ਚਿਦੰਬਰਮ ਨੇ ਕਿਹਾ ਕਿ ਹਾਲਾਂਕਿ ਇਹ ਫ਼ੈਸਲਾ ਇਕੱਲੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਨਹੀਂ ਸੀ ਅਤੇ ਫ਼ੌਜ, ਪੁਲੀਸ, ਸੂਹੀਆ ਏਜੰਸੀਆਂ ਤੇ ਸਰਕਾਰੀ ਅਫ਼ਸਰ ਇਹ ਫ਼ੈਸਲਾ ਲੈਣ ਅਤੇ ਇਸ ਨੂੰ ਅਮਲੀ ਰੂਪ ਦੇਣ ਦੇ ਕੰਮ ਵਿਚ ਸ਼ਾਮਲ ਸਨ, ਫਿਰ ਵੀ ਇਸ ਦੇ ਨਤੀਜੇ ਸਿਰਫ਼ ਸ੍ਰੀਮਤੀ ਗਾਂਧੀ ਨੂੰ ਭੁਗਤਣੇ ਪਏ। ਹੱਤਿਆ ਉਨ੍ਹਾਂ ਦੀ ਹੋਈ।’’ ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਫ਼ੌਜੀ ਅਫ਼ਸਰ ਦੀ ਲਿਆਕਤ ਦੀ ਤੌਹੀਨ ਨਹੀਂ ਕਰਨਾ ਚਾਹੁੰਦੇ, ਪਰ ਹਕੀਕਤ ਇਹ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਨੂੰ ਅਤਿਵਾਦੀਆਂ ਤੋਂ ਮੁਕਤ ਕਰਵਾਉਣ ਲਈ ਜਿਸ ਕਿਸਮ ਦੀ ਕਾਰਵਾਈ ਹੋਈ, ਉਹ ਗ਼ਲਤ ਤੌਰ-ਤਰੀਕਾ ਸੀ। ਇਸ ਤੋਂ ਕੁਝ ਸਾਲਾਂ ਬਾਅਦ ਇਕ ਹੋਰ ਅਪਰੇਸ਼ਨ (ਬਲੈਕ ਥੰਡਰ ਜਾਂ ਕਾਲੀ ਗਰਜ) ਰਾਹੀਂ ਇਹ ਸਾਬਤ ਹੋ ਗਿਆ ਕਿ ਫ਼ੌਜੀ ਕਾਰਵਾਈ ਤੋਂ ਬਿਨਾਂ ਵੀ ਕੰਮ ਹੋ ਸਕਦਾ ਸੀ।
ਇਕ ਹੋਰ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਕਾਂਗਰਸੀ ਨੇਤਾ ਮਣੀ ਸ਼ੰਕਰ ਅਈਅਰ ਦਾ ਦਾਅਵਾ ਹੈ ਕਿ ਸਾਕਾ ਨੀਲਾ ਤਾਰਾ (ਜਾਂ ਫ਼ੌਜੀ ਸ਼ਬਦਾਵਲੀ ਵਿਚ ਅਪਰੇਸ਼ਨ ਬਲੂ ਸਟਾਰ) ਦੌਰਾਨ ਜੋ ਨੁਕਸਾਨ ਹੋਇਆ, ਉਹ ਸੀਨੀਅਰ ਫ਼ੌਜੀ ਅਫ਼ਸਰਾਂ ਦੀ ਗ਼ਲਤ ਯੋਜਨਾਬੰਦੀ ਤੇ ਉਸ ਉਪਰ ਬੇਸਲੀਕਾ ਅਮਲ ਦਾ ਸਿੱਟਾ ਸੀ।
ਅਈਅਰ, ਜੋ ਸਾਬਕਾ ਡਿਪਲੋਮੈਟ ਹੋਣ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਰੀਬੀ ਸਿਆਸੀ ਸਹਿਯੋਗੀ ਵੀ ਸਨ, ਨੇ ਖ਼ੁਸ਼ਵੰਤ ਸਿੰਘ ਲਿੱਟਫੈਸਟ ਦੌਰਾਨ ਹੀ ਇਕ ਵੱਖਰੀ ਵਿਚਾਰ-ਚਰਚਾ ਦੌਰਾਨ ਕਿਹਾ ਕਿ ਜੇਕਰ ਸੀਨੀਅਰ ਫ਼ੌਜੀ ਅਫ਼ਸਰ ਸਿਆਸੀ ਲੀਡਰਸ਼ਿਪ ਨੂੰ ਸਹੀ ਢੰਗ ਨਾਲ ਸੇਧ ਤੇ ਸਲਾਹ ਦਿੰਦੇ ਤਾਂ ਉਹ ਦੁਖਾਂਤ ਨਹੀਂ ਸੀ ਵਾਪਰਨਾ, ਜੋ ਵਾਪਰਿਆ।
ਹਫ਼ਤਾ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਹਿੰਦ-ਪਾਕਿ ਦੇ ਆਪਸੀ ਮਾਮਲਿਆਂ ਵਿਚ ਅਮਰੀਕਾ ਅਕਸਰ ਦਖ਼ਲ ਦਿੰਦਾ ਆਇਆ ਹੈ। 2008 ਵਿਚ 26/11 ਵਾਲੇ ਮੁੰਬਈ ਦਹਿਸ਼ਤੀ ਹਮਲੇ ਵੇਲੇ ਉਹ (ਚਿਦੰਬਰਮ) ਖ਼ੁਦ ਪਾਕਿਸਤਾਨ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੇ ਹੱਕ ਵਿਚ ਸਨ, ਪਰ ਤੱਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਤੇ ਹੋਰ ਤਾਕਤਾਂ ਦੇ ਦਬਾਅ ਕਾਰਨ ਅਜਿਹਾ ਨਹੀਂ ਹੋਣ ਦਿਤਾ। ਉਨ੍ਹਾਂ ਨੇ ਮੰਨਿਆ ਸੀ ਕਿ ਉਨ੍ਹਾਂ ਨੂੰ ਵੀ ਅਮਰੀਕੀ ਵਿਦੇਸ਼ ਮੰਤਰੀ ਕੌਂਡਾਲੀਜ਼ਾ ਰਾਈਸ ਦਾ ਫ਼ੋਨ ਆਇਆ ਸੀ ਕਿ ਪਾਕਿਸਤਾਨ ਖ਼ਿਲਾਫ਼ ਬਦਲਾ-ਲਊ ਕਾਰਵਾਈ ਨਾ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਮੈਂ ਮਨ ਬਨਾ ਲਿਆ ਸੀ ਪਰ ਅਮਰੀਕਾ ਦਾ ਭਾਰਤ ਸਰਕਾਰ ਉੱਤੇ ਦਬਾਅ ਹੋਣ ਕਰਕੇ ਮੈਂ ਇਕੱਲਾ ਪਾਕਿਸਤਾਨ ਉੱਤੇ ਕਾਰਵਾਈ ਨਹੀਂ ਕਰ ਸਕਿਆ
