ਪੰਜ ਤਖਤਾਂ ਦੀ ਯਾਤਰਾ ਕਰਦੇ ਸਿੱਖ ਨੌਜਵਾਨ ਪੁਹੰਚਿਆ ਸ੍ਰੀ ਅਕਾਲ ਤਖਤ ਸਾਹਿਬ, 82 ਦਿਨਾਂ ਦੀ ਸਾਈਕਲ ਯਾਤਰਾ ਦੌਰਾਨ ਹਰਜਿੰਦਰ ਸਿੰਘ ਨੇ ਕੀਤਾ 120 ਕਿਲੋਮੀਟਰ ਰੋਜ਼ਾਨਾ ਸਫਰ

ਸ੍ਰੀ ਮੁਕਤਸਰ ਸਾਹਿਬ (ਗੁਰਪਿਆਰ ਥਿੰਦ) : ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨੇ ਮੁਕਤਸਰ ਸਾਹਿਬ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਪੰਜ ਤਖਤਾਂ ਦੀ ਸ਼ਰਧਾ ਭਰੀ ਸਾਈਕਲ ਯਾਤਰਾ ਕਰਦੇ ਹੋਏ ਸਿੱਖ ਨੌਜਵਾਨ ਹਰਜਿੰਦਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਅਤੇ ਇਸ ਦੌਰਾਨ ਉਸਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸਨੇ 6 ਅਗਸਤ ਤੋਂ ਸ਼ੁਰੂ ਹੋਈ ਇਹ ਯਾਤਰਾ ਕੁੱਲ 82 ਦਿਨਾਂ ਹੋ ਚੁੱਕੇ ਹਨ ਤੇ ਹਰਜਿੰਦਰ ਸਿੰਘ ਨੇ ਵਾਹਿਗੁਰੂ ‘ਤੇ ਅਟੱਲ ਵਿਸ਼ਵਾਸ ਨਾਲ ਲਗਭਗ 120 ਤੋਂ 135 ਕਿਲੋਮੀਟਰ ਰੋਜ਼ਾਨਾ ਦਾ ਸਫਰ ਸਾਈਕਲ ‘ਤੇ ਤੈਅ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਯਾਤਰਾ ਦੌਰਾਨ ਉਨ੍ਹਾਂ ਨੇ ਦਮਦਮਾ ਸਾਹਿਬ, ਹਜੂਰ ਸਾਹਿਬ, ਪਟਨਾ ਸਾਹਿਬ, ਨਾਨਕ ਮਾਤਾ, ਰਿਸ਼ੀਕੇਸ਼, ਕਾਂਟ ਸਾਹਿਬ, ਸੁਹਾਨਾ ਸਾਹਿਬ, ਪਟਿਆਲੇ ਦਾ ਦੁਖਨਿਵਾਰਨ ਸਾਹਿਬ, ਸਰਹੰਦ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਅਤੇ ਬਾਬਾ ਬਕਾਲਾ ਸਾਹਿਬ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚ ਕੀਤੀ। ਹਰ ਸਥਾਨ ‘ਤੇ ਸੰਗਤਾਂ ਨੇ ਉਨ੍ਹਾਂ ਦਾ ਸਤਿਕਾਰ ਨਾਲ ਸਵਾਗਤ ਕੀਤਾ।
ਹਰਜਿੰਦਰ ਸਿੰਘ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਹਰ ਰੁਕਾਵਟ ਆਪ ਹੀ ਦੂਰ ਹੋ ਗਈ। ਕਈ ਵਾਰ ਸਾਈਕਲ ਦੇ ਟਾਇਰ ਫਟ ਗਏ ਜਾਂ ਪੈਸੇ ਖਤਮ ਹੋਣ ਲੱਗੇ, ਪਰ ਸੰਗਤਾਂ ਨੇ ਹਰ ਮੋੜ ‘ਤੇ ਸਹਾਇਤਾ ਕੀਤੀ। ਕਿਸੇ ਨੇ ਖਾਣ-ਪੀਣ ਦਿੱਤਾ, ਕਿਸੇ ਨੇ ਮਾਇਆ ਨਾਲ ਮਦਦ ਕੀਤੀ। ਉਨ੍ਹਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਜਦੋਂ ਜੰਗਲਾਂ ਵਿੱਚੋਂ ਲੰਘਣਾ ਪੈਂਦਾ ਸੀ ਤਾਂ ਮਨ ਵਿੱਚ ਡਰ ਵੀ ਹੁੰਦਾ ਸੀ, ਪਰ ਵਾਹਿਗੁਰੂ ਦਾ ਨਾਮ ਜਪਦੇ ਹੋਏ ਹੌਸਲਾ ਬਣਿਆ ਰਿਹਾ।
ਹਰਜਿੰਦਰ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਸੀ ਅਤੇ ਅਗਲੀ ਇੱਛਾ ਹੈ ਕਿ ਉਹ ਉਨ੍ਹਾਂ ਥਾਵਾਂ ਦੀ ਯਾਤਰਾ ਕਰਨ ਜਿੱਥੇ ਗੁਰੂ ਸਾਹਿਬਾਨ ਨੇ ਪੰਜ ਬਾਣੀਆਂ ਲਿਖੀਆਂ। ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ ਸਿਰਫ ਧਾਰਮਿਕ ਨਹੀਂ ਸੀ, ਸਗੋਂ ਇਹ ਆਤਮਿਕ ਤਜਰਬਾ ਸੀ ਜਿਸ ਨੇ ਉਨ੍ਹਾਂ ਨੂੰ ਖੁਦ ‘ਤੇ ਭਰੋਸਾ ਕਰਨ ਅਤੇ ਸੈਲਫ ਡਿਪੈਂਡ ਰਹਿਣਾ ਸਿਖਾਇਆ।
ਵਾਹਿਗੁਰੂ ਨੇ ਜਿੱਥੇ ਲਿਖਿਆ ਸੀ, ਉੱਥੇ ਪਹੁੰਚ ਗਏ ਇਹੀ ਸਭ ਤੋਂ ਵੱਡੀ ਕਿਰਪਾ ਹੈ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਅਗਲੇ ਦੋ ਦਿਨ ਤੱਕ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਤੇ ਸੇਵਾ ਕਰਕੇ ਸ਼੍ਰੀ ਮੁਕਤਸਰ ਸਾਹਿਬ ਵਾਪਸ ਜਾਵਣਗੇ, ਜਿੱਥੇ ਯਾਤਰਾ ਦੀ ਅਧਿਕਾਰਕ ਸਮਾਪਤੀ ਕੀਤੀ ਜਾਵੇਗੀ।
