ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਪਰਿਵਾਰ ਸਣੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ (ਗੁਰਪਿਆਰ ਥਿੰਦ) : ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਆਪਣੇ ਪਰਿਵਾਰ ਸਣੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਅਦਾ ਕੀਤਾ।
ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਆਪਣੇ ਪਰਿਵਾਰ ਦੇ ਨਾਲ ਨਿਸ਼ਾਨ ਸਾਹਿਬ ਚੜਾਉਣ ਦੀ ਸੇਵਾ ਵਿੱਚ ਭਾਗ ਲੈਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ। ਗੁਰੂ ਘਰ ਦੇ ਅੰਦਰ ਕੀਤੀ ਅਰਦਾਸ ਦੌਰਾਨ ਉਹਨਾਂ ਨੇ ਕਿਹਾ ਕਿ “ਅੱਜ ਅਸੀਂ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਕਿ ਉਹ ਪੰਜਾਬ ਨੂੰ ਚੜ੍ਹਦੀ ਕਲਾ ਬਖ਼ਸ਼ਣ ਤੇ ਸਾਡੇ ਰਾਜ ਦੀ ਸ਼ਾਂਤੀ ਅਤੇ ਭਲਾਈ ਲਈ ਆਪਣੀ ਮਿਹਰ ਦ੍ਰਿਸ਼ਟੀ ਰੱਖਣ।”
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਪੰਜਾਬ ਹਰ ਮੁਸ਼ਕਲ ਤੋਂ ਉਭਰੇਗਾ। ਉਹਨਾਂ ਕਿਹਾ, “ਸਾਡੀ ਨੌਜਵਾਨ ਪੀੜੀ ਜੋ ਕੌਮ ਤੇ ਦੇਸ਼ ਦੀ ਸੇਵਾ ਲਈ ਹਮੇਸ਼ਾਂ ਤਿਆਰ ਰਹੀ ਹੈ, ਉਸ ‘ਤੇ ਗੁਰੂ ਮਹਾਰਾਜ ਆਪਣੀ ਰਹਿਮਤ ਬਖ਼ਸ਼ਣ। ਅਸੀਂ ਹਮੇਸ਼ਾਂ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਪੰਜਾਬ ਦੀ ਤਰੱਕੀ ਲਈ ਪ੍ਰਾਰਥਨਾ ਕਰਦੇ ਹਾਂ।”
ਉਹਨਾਂ ਨੇ ਅੱਗੇ ਕਿਹਾ ਕਿ ਦਰਬਾਰ ਸਾਹਿਬ ਸਿਰਫ਼ ਇੱਕ ਧਾਰਮਿਕ ਥਾਂ ਨਹੀਂ, ਬਲਕਿ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸ਼ਾਂਤੀ, ਇਕਤਾ ਅਤੇ ਭਾਈਚਾਰੇ ਦਾ ਪੈਗਾਮ ਮਿਲਦਾ ਹੈ। ਗੁਰੂ ਮਹਾਰਾਜ ਸਾਹਿਬ ਦੀ ਰਹਿਮਤ ਨਾਲ ਹੀ ਪੰਜਾਬ ਦੀ ਧਰਤੀ ਸਦਾ ਚੜ੍ਹਦੀ ਕਲਾ ਵਿੱਚ ਰਹੇਗੀ।
