ਟੋਰਾਂਟੋ ਦੇ ਗੈਸ ਸਟੇਸ਼ਨ ’ਤੇ ਚੱਲੀਆਂ ਗੋਲੀਆਂ, 2 ਜ਼ਖਮੀ

ਟੋਰਾਂਟੋ : ਇਟੋਬੀਕੋ ਵਿਖੇ ਮੰਗਲਵਾਰ ਵੱਡੇ ਤੜਕੇ ਕਾਰ ਜੈਕਿੰਗ ਦੀ ਵਾਰਦਾਤ ਦੌਰਾਨ ਇਕ ਗੈਸ ਸਟੇਸ਼ਨ ’ਤੇ ਗੋਲੀਆਂ ਚੱਲ ਗਈਆਂ ਅਤੇ ਘੱਟੋ ਘੱਟ ਦੋ ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਹਾਈਵੇਅ 27 ਨੇੜੇ ਰੈਕਸਡੇਲ ਬੁਲੇਵਾਰਡ ’ਤੇ ਢਾਈ ਵਜੇ ਗੋਲੀਬਾਰੀ ਦੀ ਵਾਰਦਾਤ ਵਾਪਰੀ ਅਤੇ ਪੈਰਾਮੈਡਿਕਸ ਨੂੰ ਦੋ ਜਣੇ ਜ਼ਖਮੀ ਹਾਲਤ ਵਿਚ ਮਿਲੇ ਜਿਨ੍ਹਾਂ ਵਿਚੋਂ ਇਕ ਔਰਤ ਹੈ। ਗੋਲੀਆਂ ਚਲਾਉਣ ਵਾਲੇ ਅਣਦੱਸੀ ਦਿਸ਼ਾ ਵੱਲ ਫਰਾਰ ਹੋ ਗਏ ਅਤੇ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਐਬਸਫ਼ੋਰਡ ਵਿਖੇ ਗੋਲੀਬਾਰੀ ਦੇ ਮਾਮਲੇ ਵਿਚ ਇਕ ਗ੍ਰਿਫ਼ਤਾਰ
ਦੂਜੇ ਪਾਸੇ ਬੀ.ਸੀ. ਦੇ ਐਬਸਫੋਰਡ ਵਿਖੇ ਸੋਮਵਾਰ ਸਵੇਰੇ ਗੋਲੀਬਾਰੀ ਦੇ ਮਾਮਲੇ ਵਿਚ ਪੁਲਿਸ ਵੱਲੋਂ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਬਸਫੋਰਡ ਪੁਲਿਸ ਨੇ ਸਪੱਸ਼ਟ ਕਰ ਦਿਤਾ ਕਿ ਇਹ ਗ੍ਰਿਫ਼ਤਾਰੀ ਦਰਸ਼ਨ ਸਿੰਘ ਕਤਲ ਮਾਮਲੇ ਵਿਚ ਨਹੀਂ ਸਗੋਂ 41 ਸਾਲ ਦੇ ਇਕ ਹੋਰ ਸ਼ਖਸ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਵਿਚ ਕੀਤੀ ਗਈ ਹੈ। ਪੁਲਿਸ ਵੱਲੋਂ ਇਹ ਮਾਮਲਾ ਐਕਸਟੌਰਸ਼ਨ ਕਾਲਜ਼ ਨਾਲ ਸਬੰਧਤ ਨਹੀਂ ਮੰਨਿਆ ਜਾ ਰਿਹਾ ਅਤੇ ਮਾਮਲੇ ਦੀ ਪੜਤਾਲ ਵਿਚ ਲੋਕਾਂ ਤੋਂ ਮਦਦ ਮੰਗੀ ਗਈ ਹੈ।
