ਬੀ.ਸੀ. ਦੀ ਮੁੱਖ ਚੋਣ ਅਫ਼ਸਰ ਹੋਵੇਗੀ ਸ਼ਿਪਰਾ ਵਰਮਾ

ਵੈਨਕੂਵਰ : ਸ਼ਿਪਰਾ ਵਰਮਾ ਬ੍ਰਿਟਿਸ਼ ਕੋਲੰਬੀਆ ਦੇ ਨਵੇਂ ਮੁੱਖ ਚੋਣ ਅਫ਼ਸਰ ਹੋਣਗੇ। ਜੀ ਹਾਂ, ਸੂਬਾ ਵਿਧਾਨ ਸਭਾ ਵੱਲੋਂ ਨਿਯੁਕਤੀ ਬਾਰੇ ਸਿਫ਼ਾਰਸ਼ ਕਰ ਦਿਤੀ ਗਈ ਹੈ ਅਤੇ ਉਨ੍ਹਾਂ ਦਾ ਕਾਰਜਕਾਲ ਆਉਂਦੀ 12 ਨਵੰਬਰ ਤੋਂ ਸ਼ੁਰੂ ਹੋਵੇਗਾ। ਪਾਰਲੀਮਾਨੀ ਕਮੇਟੀ ਦੀ ਮੁਖੀ ਜੈਨੇਟ ਰਟਲਿਜ ਨੇ ਦੱਸਿਆ ਕਿ ਮੈਨੀਟੋਬਾ ਵਿਚ ਸ਼ਿਪਰਾ ਵਰਮਾ ਦੇ ਤਜਰਬੇ ਨੂੰ ਵੇਖਦਿਆਂ ਇਸ ਅਹੁਦੇ ਲਈ ਸਭ ਤੋਂ ਯੋਗ ਉਮੀਦਵਾਰ ਮੰਨਿਆ ਗਿਆ। ਸ਼ਿਪਰਾ ਵਰਮਾ ਮੈਨੀਟੋਬਾ ਵਿਚ ਮੁੱਖ ਚੋਣ ਅਫ਼ਸਰ ਦੀ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ। ਪਾਰਲੀਮਾਨੀ ਕਮੇਟੀ ਦੀ ਉਪ ਮੁਖੀ Çਲੰਡਾ ਹੈਪਨਰ ਦਾ ਕਹਿਣਾ ਸੀ ਕਿ ਲੋਕਤੰਤਰੀ ਕਦਰਾਂ-ਕੀਮਤਾਂ ਪ੍ਰਤੀ ਸ਼ਿਪਰਾ ਵਰਮਾ ਦੀ ਵਚਨਬੱਧਤਾ ਤੋਂ ਹਰ ਕੋਈ ਜਾਣੂ ਹੈ।
ਸੂਬਾ ਵਿਧਾਨ ਸਭਾ ਨੇ ਕੀਤੀ ਨਿਯੁਕਤੀ ਦੀ ਸਿਫ਼ਾਰਸ਼
ਉਨ੍ਹਾਂ ਦੀ ਸ਼ਮੂਲੀਅਤ ਨਾਲ ਚੋਣ ਪ੍ਰਕਿਰਿਆ ਨੂੰ ਵਧੇਰੇ ਪੇਸ਼ੇਵਰ ਅਤੇ ਨਿਰਪੱਖ ਤਰੀਕੇ ਨਾਲ ਕਰਵਾਇਆ ਜਾ ਸਕੇਗਾ। ਇਥੇ ਦਸਣਾ ਬਣਦਾ ਹੈ ਕਿ ਵਿਧਾਨ ਸਭਾ ਦੀ ਸਿਫ਼ਾਰਸ਼ ਤੋਂ ਪਹਿਲਾਂ ਪਾਰਲੀਮਾਨੀ ਕਮੇਟੀ ਵੱਲੋਂ ਸ਼ਿਪਰਾ ਵਰਮਾ ਦਾ ਨਾਂ ਅੱਗੇ ਵਧਾਇਆ ਗਿਆ ਜਿਸ ਵਿਚ ਲੈਂਗਲੀ-ਐਬਸਫੋਰਡ ਤੋਂ ਵਿਧਾਇਕ ਹਰਮਨ ਭੰਗੂ ਅਤੇ ਕੈਲੋਨਾ-ਲੇਕ ਕੰਟਰੀ ਤੋਂ ਵਿਧਾਇਕ ਤਾਰਾ ਆਰਮਸਟ੍ਰੌਂਗ ਸਣੇ ਸੱਤ ਮੈਂਬਰ ਸ਼ਾਮਲ ਹਨ। ਚੋਣਾਂ ਪ੍ਰਬੰਧਾਂ ਵਾਲੇ ਖੇਤਰ ਵਿਚ ਸ਼ਿਪਰਾ ਨੂੰ 25 ਸਾਲ ਤੋਂ ਵੱਧ ਸਮੇਂ ਦਾ ਤਜਰਬਾ ਹਾਸਲ ਹੈ ਅਤੇ ਉਹ ਕਈ ਮੌਕਿਆਂ ’ਤੇ ਆਪਣੀ ਕਾਬਲੀਅਤ ਸਾਬਤ ਕਰ ਚੁੱਕੇ ਹਨ।
