ਕੈਨੇਡਾ ਵਿਚ ਪੰਜਾਬੀ ਮੁਟਿਆਰ ਦਾ ਬੇਰਹਿਮੀ ਨਾਲ ਕਤਲ

ਟੋਰਾਂਟੋ : ਕੈਨੇਡਾ ਵਿਚ ਪੰਜਾਬਣ ਮੁਟਿਆਰ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸ਼ਨਾਖਤ 27 ਸਾਲ ਦੀ ਅਮਨਪ੍ਰੀਤ ਕੌਰ ਸੈਣੀ ਵਜੋਂ ਕੀਤੀ ਗਈ। ਨੌਰਥ ਯਾਰਕ ਨਾਲ ਸਬੰਧਤ ਅਮਨਪ੍ਰੀਤ ਸੈਣੀ ਦੀ ਵੱਢੀ-ਟੁਕੀ ਲਾਸ਼ ਉਨਟਾਰੀਓ ਦੇ Çਲੰਕਨ ਇਲਾਕੇ ਦੇ ਇਕ ਪਾਰਕ ਵਿਚੋਂ ਮਿਲੀ। ਨਿਆਗਰਾ ਰੀਜਨਲ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਨੌਰਥ ਸਰਵਿਸ ਰੋਡ ਅਤੇ ਹਾਈਵੇਅ 406 ਨੇੜੇ ਚਾਰਲਸ ਡੇਲੀ ਪਾਰਕ ਵਿਚ ਲਾਸ਼ ਪਈ ਹੋਣ ਦੀ ਇਤਲਾਹ ਮਿਲੀ।
ਬਰੈਂਪਟਨ ਦੇ ਮਨਪ੍ਰੀਤ ਸਿੰਘ ਦੀ ਭਾਲ ਕਰ ਰਹੀ ਪੁਲਿਸ
ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੇ ਦੇਖਿਆ ਕਿ ਔਰਤ ਦੇ ਸਰੀਰ ’ਤੇ ਜ਼ਖਮਾਂ ਦੇ ਕਈ ਨਿਸ਼ਾਨ ਸਨ। ਪੁਲਿਸ ਮੁਤਾਬਕ ਸੋਚੀ ਸਮਝੀ ਸਾਜ਼ਿਸ਼ ਤਹਿਤ ਅਮਨਪ੍ਰੀਤ ਸੈਣੀ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਹ ਵਾਰਦਾਤ ਆਮ ਲੋਕਾਂ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ। ਇਸ ਮਾਮਲੇ ਵਿਚ ਪੁਲਿਸ ਬਰੈਂਪਟਨ ਦੇ 27 ਸਾਲਾ ਮਨਪ੍ਰੀਤ ਸਿੰਘ ਦੀ ਭਾਲ ਕਰ ਰਹੀ ਹੈ ਜੋ ਸੰਭਾਵਤ ਤੌਰ ’ਤੇ ਮੁਲਕ ਛੱਡ ਕੇ ਫਰਾਰ ਹੋ ਚੁੱਕਾ ਹੈ। ਮਨਪ੍ਰੀਤ ਸਿੰਘ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ ਅਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕਤਲ ਦੀ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 688 4111 ਔਪਸ਼ਨ 3 ਐਕਸਟੈਨਸ਼ਨ 1009451 ’ਤੇ ਕਾਲ ਕੀਤੀ ਜਾ ਸਕਦੀ ਹੈ।
