ਕੈਨੇਡਾ ਵਿਚ ਪੰਜਾਬੀ ਨੇ ਰੱਖ ਲਏ 5 ਫਰਜ਼ੀ ਨਾਂ

ਔਟਵਾ : ਕੈਨੇਡਾ ਦੇ ਵੱਡੇ ਇੰਮੀਗ੍ਰੇਸ਼ਨ ਠੱਗ ਨੂੰ ਬੇਨਕਾਬ ਕਰਨ ਦਾ ਦਾਅਵਾ ਕਰਦਿਆਂ ਔਟਵਾ ਪੁਲਿਸ ਵੱਲੋਂ 35 ਸਾਲ ਦੇ ਵਿਨੇਪਾਲ ਸਿੰਘ ਬਰਾੜ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਔਟਵਾ ਪੁਲਿਸ ਨੇ ਦੱਸਿਆ ਕਿ ਜਨਵਰੀ 2024 ਤੋਂ ਜੁਲਾਈ 2024 ਦਰਮਿਆਨ ਇੰਮੀਗ੍ਰੇਸ਼ਨ ਦੇ ਨਾਂ ’ਤੇ ਲੋਕਾਂ ਨਾਲ ਹਜ਼ਾਰਾਂ ਡਾਲਰ ਦੀਆਂ ਠੱਗੀਆਂ ਵੱਜਣ ਦੀਆਂ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਜਿਨ੍ਹਾਂ ਦੇ ਆਧਾਰ ਪੜਤਾਲ ਆਰੰਭੀ ਗਈ। ਪੜਤਾਲ ਦੌਰਾਨ ਇਕੱਤਰ ਸਬੂਤਾਂ ਦੇ ਆਧਾਰ ’ਤੇ ਵਿਨੇਪਾਲ ਸਿੰਘ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਆਪਣੇ ਆਪ ਨੂੰ ਇੰਮੀਗ੍ਰੇਸ਼ਨ ਸਲਾਹਕਾਰ ਦਸਦਾ ਹੈ।
ਇੰਮੀਗ੍ਰੇਸ਼ਨ ਠੱਗੀ ਦੇ ਦੋਸ਼ਾਂ ਹੇਠ ਪੁਲਿਸ ਨੇ ਕੀਤਾ ਕਾਬੂ
ਵਿਨੇਪਾਲ ਨੇ ਕਥਿਤ ਤੌਰ ’ਤੇ ਕਈ ਨਾਂ ਰੱਖੇ ਹੋਏ ਹਨ ਜਿਨ੍ਹਾਂ ਵਿਚ ਗਗਨਦੀਪ ਸਿੰਘ, ਵਾਰਿਸਦੀਪ ਸਿੰਘ, ਵਾਰਿਸ ਸਿੰਘ, ਵਾਰਿਸਦੀਪ ਸਹਿਮੀ ਅਤੇ ਹਰਸ਼ ਹਰਸ਼ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਪੁਲਿਸ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਇੰਮੀਗ੍ਰੇਸ਼ਨ ਸੇਵਾਵਾਂ ਲੈਣ ਤੋਂ ਪਹਿਲਾਂ ਸਬੰਧਤ ਸਲਾਹਕਾਰ ਦੀ ਫੈਡਰਲ ਜਾਂ ਸੂਬਾਈ ਪੱਧਰ ’ਤੇ ਮਾਨਤਾ ਜ਼ਰੂਰ ਪਰਖ ਲਈ ਜਾਵੇ। ਵਿਨੇਪਾਲ ਸਿੰਘ ਬਰਾੜ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ, ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਰੱਖਣ, ਹਮਲਾ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਹਨ।
ਪੂਰੇ ਮੁਲਕ ਵਿਚ ਦਰਜਨਾਂ ਪੀੜਤ ਹੋਣ ਦਾ ਖਦਸ਼ਾ
ਪੁਲਿਸ ਦਾ ਮੰਨਣਾ ਹੈ ਕਿ ਪੂਰੇ ਕੈਨੇਡਾ ਵਿਚ ਪੀੜਤ ਹੋ ਸਕਦੇ ਹਨ, ਖਾਸ ਤੌਰ ’ਤੇ ਐਲਬਰਟਾ ਦੇ ਕੈਲਗਰੀ ਸ਼ਹਿਰ ਵਿਚ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਔਟਵਾ ਪੁਲਿਸ ਮੁਤਾਬਕ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੈ ਜਾਂ ਕੋਈ ਖੁਦ ਪੀੜਤ ਹੈ ਤਾਂ ਵੈਸਟ ਕ੍ਰਿਮੀਨਲ ਇਨਵੈਸਟੀਗੇਸ਼ਨਜ਼ ਯੂਨਿਟ ਦੇ ਜਾਂਚਕਰਤਾਵਾਂ ਨਾਲ 613 236 1222 ਐਕਟੈਨਸ਼ਨ 2653 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ ਕਾਲ ਕੀਤੀ ਜਾਵੇ।
