Hamdard Media Group

    ਕੈਨੇਡਾ ਵਿਚ ਕਸੂਤਾ ਫਸਿਆ ਭਾਰਤੀ ਵਕੀਲ

    by Upjit Singh |

    ਕੈਨੇਡਾ ਦੇ ਸਭ ਤੋਂ ਵੱਡੇ ਨਸ਼ਾ ਤਸਕਰ ਦਾ ਵਕੀਲ ਦੀਪਕ ਬਲਵੰਤ ਪਰਾਡਕਰ 10 ਲੱਖ ਡਾਲਰ ਡਕਾਰ ਗਿਆ ਅਤੇ ਕਿਸੇ ਨੂੰ ਕੰਨੋ ਕੰਨ ਖ਼ਬਰ ਵੀ ਨਾ ਹੋਈ

    ਕੈਨੇਡਾ ਵਿਚ ਕਸੂਤਾ ਫਸਿਆ ਭਾਰਤੀ ਵਕੀਲ
    X

    ਮੌਂਟਰੀਅਲ : ਕੈਨੇਡਾ ਦੇ ਸਭ ਤੋਂ ਵੱਡੇ ਨਸ਼ਾ ਤਸਕਰ ਦਾ ਵਕੀਲ ਦੀਪਕ ਬਲਵੰਤ ਪਰਾਡਕਰ 10 ਲੱਖ ਡਾਲਰ ਡਕਾਰ ਗਿਆ ਅਤੇ ਕਿਸੇ ਨੂੰ ਕੰਨੋ ਕੰਨ ਖ਼ਬਰ ਵੀ ਨਾ ਹੋਈ। ਜੀ ਹਾਂ, ਇਹ ਦਾਅਵਾ ਨਵੇਂ ਅਦਾਲਤੀ ਦਸਤਾਵੇਜ਼ਾਂ ਵਿਚ ਕੀਤਾ ਗਿਆ ਹੈ ਜੋ ਕਹਿੰਦੇ ਹਨ ਕਿ ਰਾਯਨ ਵੈਡਿੰਗ ਦੇ ਗਿਰੋਹ ਨੂੰ ਵੱਖ ਵੱਖ ਤਰੀਕੇ ਨਾਲ ਫ਼ਾਇਦਾ ਪਹੁੰਚਾਉਂਦਿਆ ਦੀਪਕ ਪਰਾਡਕਰ ਨੇ ਸਿਰਫ਼ ਇਕ ਸਾਲ ਵਿਚ ਇਕ ਮਿਲੀਅਨ ਡਾਲਰ ਦੀ ਰਕਮ ਹਾਸਲ ਕੀਤੀ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਰਾਯਨ ਵੈਡਿੰਗ ਦੇ ਦੋ ਸਾਥੀਆਂ ਨੇ ਕਥਿਤ ਤੌਰ ’ਤੇ ਦੀਪਕ ਨੂੰ ਡੇਢ ਲੱਖ ਡਾਲਰ ਦੀ ਘੜੀ ਤੋਹਫ਼ੇ ਦੇ ਰੂਪ ਵਿਚ ਦਿਤੀ। ਦੀਪਕ ਨੇ ਕਥਿਤ ਤੌਰ ’ਤੇ ਦੋਹਾਂ ਦੀ ਮੁਲਾਕਾਤ ਇਕ ਹੋਰ ਨਸ਼ਾ ਤਸਕਰ ਬੌਬੀ ਨਾਲ ਕਰਵਾਈ ਜੋ ਲੌਸ ਐਂਜਲਸ ਵਿਖੇ ਆਪਣਾ ਨੈਟਵਰਕ ਚਲਾਉਂਦਾ ਸੀ।

    ਰਾਯਨ ਵੈਡਿੰਗ ਦੇ ਗਿਰੋਹ ਤੋਂ 10 ਲੱਖ ਡਾਲਰ ਲੈਣ ਦੇ ਦੋਸ਼

    ਅਦਾਲਤੀ ਦਸਤਾਵੇਜ਼ ਕਹਿੰਦੇ ਹਨ ਕਿ ਸਾਲ 2024 ਦੇ ਸਿਰਫ਼ ਪੰਜ ਮਹੀਨੇ ਦੌਰਾਨ ਰਾਯਨ ਵੈਡਿੰਗ ਦੇ ਗਿਰੋਹ ਨੇ 2 ਟਨ ਕੋਕੀਨ ਕੈਨੇਡਾ ਪਹੁੰਚਾਈ। ਕੋਲੰਬੀਆ ਵਿਚ ਤਿਆਰ ਕੋਕੀਨ ਨੂੰ ਪਹਿਲਾਂ ਮੈਕਸੀਕੋ ਲਿਆਂਦਾ ਗਿਆ ਅਤੇ ਫਿਰ ਕੈਲੇਫੋਰਨੀਆ ਲਿਆਉਣ ਮਗਰੋਂ ਟਰੱਕਾਂ ਵਿਚ ਲੱਦ ਕੇ ਵੱਖ ਵੱਖ ਐਂਟਰੀ ਪੋਰਟਸ ਰਾਹੀਂ ਕੈਨੇਡਾ ਦਾਖਲ ਕਰਵਾਇਆ ਗਿਆ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀਪਕ ਪਰਾਡਕਰ ਦੀ ਹਵਾਲਗੀ ਚਾਹੁੰਦੀ ਹੈ ਅਤੇ ਕੈਨੇਡਾ ਦੀਆਂ ਜੇਲਾਂ ਵਿਚ ਬੰਦ ਕਈ ਪੰਜਾਬੀ ਟਰੱਕ ਡਰਾਈਵ ਵੀ ਇਸ ਮਾਮਲੇ ਵਿਚ ਅਮਰੀਕਾ ਨੂੰ ਲੋੜੀਂਦੇ ਹਨ। ਕਿਊਬੈਕ ਦੀ ਸੁਪੀਰੀਅਰ ਕੋਰਟ ਵਿਚ ਦਾਖਲ ਦਸਤਾਵੇਜ਼ਾਂ ਮੁਤਾਬਕ ਦੀਪਕ ਪਰਾਡਕਰ ਨੂੰ ਰਾਯਨ ਵੈਡਿੰਗ ਨੇ ਤਨਖਾਹ ’ਤੇ ਰੱਖਿਆ ਹੋਇਆ ਸੀ ਜੋ ਕਥਿਤ ਤੌਰ ’ਤੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਲੋਕਾਂ ਦੀ ਪੈਰਵੀ ਕਰਦਾ। ਐਫ਼.ਬੀ.ਆਈ. ਨੂੰ ਜ਼ਿਆਦਾਤਰ ਸਬੂਤ ਐਂਡਰਿਊ ਕਲਾਰਕ ਦੇ ਫੋਨ ਵਿਚੋਂ ਹਾਸਲ ਹੋਏ ਜੋ ਵੈਡਿੰਗ ਦਾ ਸੱਜਾ ਹੱਥ ਮੰਨਿਆ ਗਿਆ ਅਤੇ ਵੈਡਿੰਗ ਤੋਂ ਬਾਅਦ ਗਿਰੋਹ ਵਿਚ ਸਭ ਤੋਂ ਜ਼ਿਆਦਾ ਚਲਦੀ ਸੀ। ਦਸਤਾਵੇਜ਼ ਵਿਚ ਲਾਏ ਦੋਸ਼ਾਂ ਮੁਤਾਬਕ ਐਂਡਰਿਊ ਕਲਾਰਕ ਨੇ 12 ਮਹੀਨੇ ਦੇ ਸਮੇਂ ਦੌਰਾਨ ਦੀਪਕ ਨੂੰ ਤਕਰੀਬਨ 10 ਲੱਖ ਡਾਲਰ ਅਦਾ ਕੀਤੇ। ਦੀਪਕ ਦੇ ਵਕੀਲ ਰਵੀਨ ਪਿੱਲੇ ਨੂੰ ਜਦੋਂ ਤਾਜ਼ਾ ਅਦਾਲਤੀ ਦਸਤਾਵੇਜ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ।

    ਅਮਰੀਕਾ ਦੇ ਜਾਂਚਕਰਤਾਵਾਂ ਨੇ ਭੇਜੇ ਨਵੇਂ ਦਸਤਾਵੇਜ਼

    ਇਥੇ ਦਸਣਾ ਬਣਦਾ ਹੈ ਕਿ ਐਂਡਰਿਊ ਕਲਾਰਕ ਨੂੰ ਮੈਕਸੀਕੋ ਪੁਲਿਸ ਨੇ 8 ਅਕਤੂਬਰ 2024 ਨੂੰ ਗ੍ਰਿਫ਼ਤਾਰ ਕੀਤਾ ਸੀ। ਅਦਾਲਤੀ ਦਸਤਾਵੇਜ਼ ਵਿਚ ਰਾਯਨ ਵੈਡਿੰਗ ਦੇ ਇਕ ਹੋਰ ਸਾਥੀ ਦਾ ਜ਼ਿਕਰ ਕੀਤਾ ਗਿਆ ਹੈ ਜੋ ਪਿਛਲੇ ਸਾਲ ਫਰਵਰੀ ਵਿਚ ਐਫ਼.ਬੀ.ਆਈ. ਦਾ ਗਵਾਹ ਬਣ ਗਿਆ। ਕਲਾਰਕ ਦੇ ਫੋਨ ਵਿਚੋਂ ਦੀਪਕ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਮਿਲੀ ਹੈ ਜੋ ਦਰਸਾਉਂਦੀ ਹੈ ਕਿ ਕਿਵੇਂ ਟੋਰਾਂਟੋ ਦਾ ਇਕ ਵਕੀਲ ਲੌਸ ਐਂਜਲਸ ਵਿਚ ਮੌਜੂਦ ਰਾਯਨ ਵੈਡਿੰਗ ਦੇ ਗਿਰੋਹ ਮੈਂਬਰਾਂ ਨਾਲ ਸੰਪਰਕ ਕਾਇਮ ਕਰਦਾ ਸੀ। ਕੁਝ ਮੌਕਿਆਂ ’ਤੇ ਦੀਪਕ ਨੇ ਆਪਣੇ ਅਮੈਰਿਕਨ ਸਾਥੀਆਂ ਨੂੰ ਨਕਦ ਅਦਾਇਗੀ ਕਰਨ ਦੀ ਗੱਲ ਕਹਿੰਦਿਆਂ ਸੁਣਿਆ ਜਾ ਸਕਦਾ ਹੈ। ਰਿਕਾਰਡਿੰਗ ਵਿਚ ਸੁਣਿਆ ਜਾ ਸਕਦਾ ਹੈ ਕਿ ਐਂਡਰਿਊ ਕਲਾਰਕ ਆਪਣੇ ਇਕ ਸਾਥੀ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਰਿਪੋਰਟ ਹਾਸਲ ਕਰਨ ਲਈ ਪੰਜ ਹਜ਼ਾਰ ਡਾਲਰ ਦੀ ਪੇਸ਼ਕਸ਼ ਕਰਦਾ ਹੈ। ਚੇਤੇ ਰਹੇ ਕਿ 62 ਸਾਲ ਦਾ ਦੀਪਕ ਬਲਵੰਤ ਪਰਾਡਕਰ 1993 ਤੋਂ ਉਨਟਾਰੀਓ ਵਿਚ ਵਕਾਲਤ ਕਰ ਰਿਹਾ ਹੈ ਅਤੇ ਕਿਸੇ ਵੇਲੇ ਉਸ ਦੇ ਇੰਸਟਾਗ੍ਰਾਮ ਹੈਂਡਲ ’ਤੇ ਕੋਕੀਨ ਲਾਅਇਰ ਲਿਖਿਆ ਹੁੰਦਾ ਸੀ।

    Next Story