ਬਰੈਂਪਟਨ 'ਚ 1 ਨਵੰਬਰ ਨੂੰ ਗੁਰੂ ਘਰਾਂ ਵੱਲੋਂ ਲਗਾਏ ਜਾਣਗੇ ਬੂਟੇ

ਬਰੈਂਪਟਨ 'ਚ 1 ਨਵੰਬਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਕਮਿਊਨਿਟੀ ਟ੍ਰੀ ਪਲਾਂਟਿੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਓਨਟਾਰੀਓ ਗੁਰਦੁਆਰਾ ਕਮੇਟੀ, ਸ੍ਰੀ ਗੁਰੂ ਨਾਨਕ ਸਿੱਖ ਸੈਂਟਰ, ਸਿੱਖ ਸੰਗਤ ਗੁਰਦੁਆਰਾ ਸਾਹਿਬ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਵੱਲੋਂ 1984 ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਦਰੱਖਤ ਲਗਾਏ ਜਾਣਗੇ। ਦਰਅਸਲ ਉਸ ਸਮੇਂ ਦੌਰਾਨ ਦਰਬਾਰ ਸਾਹਿਬ ਅਤੇ ਹੋਰ ਅਨੇਕਾਂ ਹੀ ਗੁਰੂ ਘਰਾਂ 'ਤੇ ਹੋਏ ਹਮਲੇ ਅਤੇ ਸ਼ਾਂਤਮਈ ਢੰਗ ਨਾਲ ਗੁਰਪੁਰਬ ਮਨਾ ਰਹੀਆਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਅਨੇਕਾਂ ਹੀ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ। ਸਿੱਖ ਕਤਲੇਆਮ ਹੋਣ ਦੇ ਰੋਸ ਵਿੱਚ ਹੀ ਬਰੈਂਪਟਨ ਵਿੱਚ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਗੁਰੂ ਘਰ ਦੇ ਪ੍ਰਬੰਧਕ ਸਰਦਾਰ ਹਰਜੀਤ ਸਿੰਘ ਮਹਿਲੋਂ ਨੇ ਦੱਸਿਆ ਕਿ ਇਸ ਮੌਕੇ 'ਤੇ ਦਰੱਖਤ ਲਗਾਉਣ ਦੀ ਚੋਣ ਇਸ ਕਾਰਨ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਤਾਂ ਰੁੱਖ ਆਕਸੀਜ਼ਨ ਪ੍ਰਦਾਨ ਕਰਦੇ ਹਨ ਅਤੇ ਦੂਸਰਾ ਇਹ ਰੋਸ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ 1 ਨਵੰਬਰ ਨੂੰ 1984 ਸਿੱਖ ਕਤਲੇਆਮ ਦੇ ਰੋਸ ਵਜੋਂ 1984 ਦਰੱਖਤ ਹੀ ਲਗਾਏ ਜਾਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਦੁਨੀਆਂ 'ਤੇ ਜਦ ਤੱਕ ਇੱਕ ਵੀ ਦਰੱਖਤ ਜਿਊਂਦਾ ਰਹੇਗਾ ਉਦੋਂ ਤੱਕ ਸਿੱਖ ਇਸ ਸਾਕੇ ਨੂੰ ਭੁੱਲ ਨਹੀਂ ਸਕਣਗੇ। ਇਸ ਮੌਕੇ 'ਤੇ 1 ਨਵੰਬਰ ਨੂੰ ਪਹੁੰਚਣ ਵਾਲੀਆਂ ਸਾਰੀਆਂ ਸੰਗਤਾਂ ਲਈ ਚਾਹ ਪਕੌੜਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸੰਗਤਾਂ ਨੂੰ ਦਰੱਖਤਾਂ ਦੇ ਬੀਜ਼ ਕਮੇਟੀਆਂ ਵੱਲੋਂ ਖੁਦ ਪ੍ਰਦਾਨ ਕੀਤੇ ਜਾਣਗੇ।
