Hamdard Media Group

    ਕੈਨੇਡਾ ਅਤੇ ਕੀਨੀਆ ਦੇ ਹਵਾਈ ਜਹਾਜ਼ ਕਰੈਸ਼, 13 ਮੌਤਾਂ

    by Upjit Singh |
    ਕੈਨੇਡਾ ਅਤੇ ਕੀਨੀਆ ਦੇ ਹਵਾਈ ਜਹਾਜ਼ ਕਰੈਸ਼, 13 ਮੌਤਾਂ
    X

    ਕੌਪਨਹੈਗਨ/ਨੈਰੋਬੀ : ਕੈਨੇਡਾ ਅਤੇ ਕੀਨੀਆ ਦੇ ਹਵਾਈ ਜਹਾਜ਼ ਕਰੈਸ਼ ਹੋਣ ਕਾਰਨ ਘੱਟੋ ਘੱਟ 13 ਜਣਿਆਂ ਦੀ ਮੌਤ ਹੋ ਗਈ। ਪਹਿਲਾ ਹਾਦਸਾ ਗਰੀਨ ਲੈਂਡ ਵਿਖੇ ਵਾਪਰਿਆ ਜਿਥੇ ਕੈਨੇਡਾ ਤੋਂ ਰਵਾਨਾ ਹੋਇਆ ਜਹਾਜ਼ ਅਚਨਚੇਤ ਕਰੈਸ਼ ਹੋ ਗਿਆ। ਡੈਨਿਸ਼ ਏਅਰਪੋਰਟ ਅਥਾਰਟੀ ਨਵੀਏਅਰ ਨੇ ਦੱਸਿਆ ਕਿ ਹਵਾਈ ਜਹਾਜ਼ ਰਾਡਾਰ ਤੋਂ ਗਾਇਬ ਹੋਣ ਮਗਰੋਂ ਗਰੀਨਲੈਂਡ ਦੇ ਉਤਰੀ ਇਲਾਕੇ ਵਿਚ ਡਿੱਗਿਆ। ਦੂਰ-ਦਰਾਡੇ ਦਾ ਇਲਾਕਾ ਹੋਣ ਕਾਰਨ ਰਾਹਤ ਟੀਮਾਂ ਤੁਰਤ ਮੌਕੇ ’ਤੇ ਨਾ ਪੁੱਜ ਸਕੀਆਂ ਅਤੇ ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ।

    ਗਰੀਨ ਲੈਂਡ ਅਤੇ ਕੀਨੀਆ ਵਿਚ ਵਾਪਰੇ ਹਾਦਸੇ

    ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਹਾੜਾਂ ’ਤੇ ਡਿੱਗੇ ਹਵਾਈ ਜਹਾਜ਼ ਦੇ ਮਲਬੇ ਤੱਕ ਪੁੱਜਣ ਵਿਚ ਕਈ ਦਿਨ ਲੱਗ ਸਕਦੇ ਹਨ। ਗਰੀਨਲੈਂਡ ਪੁਲਿਸ ਦੇ ਬ੍ਰਾਇਨ ਥੌਂਪਸਨ ਦਾ ਕਹਿਣਾ ਸੀ ਕਿ ਫ਼ਿਲਹਾਲ ਹਾਦਸੇ ਬਾਰੇ ਵਿਸਤਾਰਤ ਜਾਣਕਾਰੀ ਮੁਹੱਈਆ ਕਰਵਾਉਣੀ ਮੁਸ਼ਕਲ ਹੈ। ਦੂਜੇ ਪਾਸੇ ਕੀਨੀਆ ਦੇ ਤਟਵਰਤੀ ਇਲਾਕੇ ਵਿਚ ਮੰਗਲਵਾਰ ਸਵੇਰੇ ਮਸਾਈ ਮਾਰਾ ਨੈਸ਼ਨਲ ਰਿਜ਼ਰਵ ਵੱਲ ਜਾ ਰਿਹਾ ਹਵਾਈ ਜਹਾਜ਼ ਕਰੈਸ਼ ਹੋਣ ਕਾਰਨ 12 ਜਣਿਆਂ ਦੀ ਮੌਤ ਹੋ ਗਈ। ਕੀਨੀਆ ਸਿਵਲ ਐਵੀਏਸ਼ਨ ਅਥਾਰਟੀ ਨੇ ਦੱਸਿਆ ਕਿ ਹਾਦਸਾ ਡਾਇਨੀ ਹਵਾਈ ਪੱਟੀ ਤੋਂ 40 ਕਿਲੋਮੀਟਰ ਦੂਰ ਵਾਪਰਿਆ ਅਤੇ ਮਰਨ ਵਾਲਿਆਂ ਦੀ ਸ਼ਨਾਖਤ ਤੈਅ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜੋ ਸੰਭਾਵਤ ਤੌਰ ’ਤੇ ਵਿਦੇਸ਼ੀ ਨਾਗਰਿਕ ਸਨ। ਹਵਾਈ ਜਹਾਜ਼ ਨੇ ਡਾਇਨੀ ਤੋਂ ਕਿਚਵਾ ਟੈਂਬਾ ਜਾਣ ਵਾਸਤੇ ਉਡਾਣ ਭਰੀ ਪਰ ਰਾਹ ਵਿਚ ਕੋਈ ਨੁਕਸ ਪੈਦਾ ਹੋਣ ਕਾਰਨ ਧਰਤੀ ’ਤੇ ਜਾ ਡਿੱਗਾ। ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਖਰਾਬ ਮੌਸਮ ਹਾਦਸੇ ਦਾ ਮੁੱਖ ਕਾਰਨ ਹੋ ਸਕਦਾ ਹੈ।

    Next Story