ਕੈਨੇਡਾ : ਗੰਭੀਰ ਦੋਸ਼ਾਂ ਵਿਚ ਘਿਰੀ ਪੰਜਾਬਣ ਜੇਲ ਗਾਰਡ

ਐਬਸਫੋਰਡ : ਬੀ.ਸੀ. ਦੀ ਸਾਬਕਾ ਜੇਲ ਗਾਰਡ ਰਮਨਦੀਪ ਰਾਏ ਵਿਰੁੱਧ ਕੈਦੀਆਂ ਨਾਲ ਗੈਰਵਾਜਬ ਸਬੰਧ ਰੱਖਣ ਅਤੇ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਬਾਰੇ ਰਿਪੋਰਟ ਨਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਕੌਕੁਇਟਲੈਮ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਨੌਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ ਵਿਖੇ ਤੈਨਾਤ ਰਹਿ ਚੁੱਕੀ ਰਮਨਦੀਪ ਵਿਰੁੱਧ ਪ੍ਰੌਸੀਕਿਊਟਰਜ਼ ਵੱਲੋਂ ਦੋ ਦੋਸ਼ ਲਾਉਣ ਦਾ ਐਲਾਨ ਕੀਤਾ ਗਿਆ ਹੈ।
ਰਮਨਦੀਪ ਰਾਏ ਵਿਰੁੱਧ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ
ਅਦਾਲਤੀ ਦਸਤਾਵੇਜ਼ਾਂ ਮੁ‘ਤਾਬਕ 14 ਜੁਲਾਈ 2022 ਤੋਂ 29 ਸਤੰਬਰ 2022 ਦਰਮਿਆਨ ਰਮਨਦੀਪ ਰਾਏ ਨੇ ਡਿਊਟੀ ਦੌਰਾਨ ਕਥਿਤ ਤੌਰ ’ਤੇ ਫਰੌਡ ਕੀਤਾ ਜਾਂ ਵਿਸਾਹਘਾਤ ਕੀਤਾ। ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਨੇ ਦੱਸਿਆ ਕਿ ਦੂਜਾ ਦੋਸ਼ ਜੇਲ ਵਿਚ ਨਸ਼ੀਲੇ ਪਦਾਰਥ ਦੀ ਜਾਣਕਾਰੀ ਉਚ ਅਧਿਕਾਰੀਆਂ ਤੱਕ ਪਹੁੰਚਾਉਣ ਵਿਚ ਅਸਫ਼ਲ ਰਹਿਣ ਨਾਲ ਸਬੰਧਤ ਹੈ। ਪੁਲਿਸ ਮੁਤਾਬਕ ਮਾਮਲੇ ਦੀ ਪੜਤਾਲ ਸਤੰਬਰ 2022 ਵਿਚ ਆਰੰਭੀ ਗਈ ਅਤੇ ਦੂਜੇ ਦੋਸ਼ ਨਾਲ ਸਬੰਧਤ ਘਟਨਾਵਾਂ 11 ਸਤੰਬਰ ਤੋਂ 29 ਸਤੰਬਰ 2022 ਦਰਮਿਆਨ ਵਾਪਰੀਆਂ।
ਨੌਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ ਵਿਖੇ ਤੈਨਾਤ ਸੀ ਰਮਨਦੀਪ ਰਾਏ
ਪ੍ਰੋਵਿਨਸ਼ੀਅਲ ਕੋਰਟ ਰਜਿਸਟਰੀ ਮੁਤਾਬਕ ਰਮਨਦੀਪ ਰਾਏ ਦੀ ਪਹਿਲੀ ਪੇਸ਼ੀ ਨਵੰਬਰ ਵਿਚ ਹੋਵੇਗੀ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕੀ ਰਮਨਦੀਪ ਰਾਏ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਨਹੀਂ। ਬੀ.ਸੀ. ਦੀਆਂ ਜੇਲਾਂ ਨਾਲ ਸਬੰਧਤ ਲੋਕ ਸੁਰੱਖਿਆ ਮੰਤਰਾਲੇ ਵੱਲੋਂ ਰਮਨਦੀਪ ਵਿਰੁੱਧ ਲੱਗੇ ਦੋਸ਼ਾਂ ਨੂੰ ਬੇਹੱਦ ਹੈਰਾਨਕੁੰਨ ਕਰਾਰ ਦਿਤਾ ਗਿਆ ਹੈ। ਚੇਤੇ ਰਹੇ ਕਿ ਖਤਰਨਾਕ ਗੈਂਗਸਟਰ ਰੱਬੀ ਅਲਖਲੀਲ 2022 ਵਿਚ ਹੀ ਨੌਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ ਤੋਂ ਫਰਾਰ ਹੋਇਆ ਸੀ ਪਰ ਪੁਲਿਸ ਵੱਲੋਂ ਰਮਨਦੀਪ ਦੇ ਮਾਮਲੇ ਨਾਲ ਜੋੜਿਆ ਨਹੀਂ ਗਿਆ।
