Hamdard Media Group

    ਕੈਨੇਡਾ ਵੱਲੋਂ 32 ਹਜ਼ਾਰ ਪ੍ਰਵਾਸੀ ਡਿਪੋਰਟ ਕਰਨ ਦੇ ਹੁਕਮ

    by Upjit Singh |
    ਕੈਨੇਡਾ ਵੱਲੋਂ 32 ਹਜ਼ਾਰ ਪ੍ਰਵਾਸੀ ਡਿਪੋਰਟ ਕਰਨ ਦੇ ਹੁਕਮ
    X

    ਔਟਵਾ : ਕੈਨੇਡਾ ਵਿਚ ਗੈਰਕਾਨੂੰਨੀ ਤੌਰ ’ਤੇ ਮੌਜੂਦ 32 ਹਜ਼ਾਰ ਪ੍ਰਵਾਸੀਆਂ ਨੂੰ ਫੜ ਕੇ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ ਪਰ ਬਦਕਿਸਮਤੀ ਨਾਲ ਬਾਰਡਰ ਸਰਵਿਸਿਜ਼ ਵਾਲੇ ਇਨ੍ਹਾਂ ਦੀ ਪੈੜ ਨੱਪਣ ਵਿਚ ਕਾਮਯਾਬ ਨਹੀਂ ਹੋ ਰਹੇ। ਡਿਪੋਰਟੇਸ਼ਨ ਲਿਸਟ ਵਿਚ ਸਭ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ ਅਤੇ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜ੍ਹਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸਿਰਫ਼ ਇਥੇ ਹੀ ਬੱਸ ਨਹੀਂ ਮੌਜੂਦਾ ਵਰ੍ਹੇ ਦੌਰਾਨ 2 ਹਜ਼ਾਰ ਤੋਂ ਵੱਧ ਭਾਰਤੀ ਡਿਪੋਰਟ ਕੀਤੇ ਜਾ ਚੁੱਕੇ ਹਨ ਅਤੇ ਸਾਲ ਦੇ ਅੰਤ ਤੱਕ ਅੰਕੜਾ ਹੋਰ ਵਧ ਸਕਦਾ ਹੈ। ਦੂਜੇ ਪਾਸੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਦਾਅਵਾ ਕਰ ਰਹੇ ਹਨ ਕਿ 2024-25 ਦੌਰਾਨ 18 ਹਜ਼ਾਰ ਵਿਦੇਸ਼ੀ ਨਾਗਰਿਕ ਡਿਪੋਰਟ ਕੀਤੇ ਗਏ ਅਤੇ ਇਹ ਅੰਕੜਾ ਇਸ ਤੋਂ ਪਿਛਲੇ ਵਰ੍ਹੇ ਦੇ ਮੁਕਾਬਲੇ 2 ਹਜ਼ਾਰ ਵੱਧ ਬਣਦਾ ਹੈ।

    ਡਿਪੋਰਟੇਸ਼ਨ ਲਿਸਟ ਵਿਚ 7 ਹਜ਼ਾਰ ਤੋਂ ਵੱਧ ਭਾਰਤੀ

    ਦਰਅਸਲ, ਗੈਰਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਹਾਊਸ ਆਫ਼ ਕਾਮਨਜ਼ ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਉਠਿਆ ਅਤੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੇ ਗੈਰੀ ਆਨੰਦਸੰਗਰੀ ਉਤੇ ਸਵਾਲਾਂ ਦੀ ਬੁਛਾੜ ਕਰ ਦਿਤੀ। ਟੋਰੀ ਐਮ.ਪੀ. ਫਰੈਂਕ ਕੈਪੁਟੋ ਨੇ ਡਿਪੋਰਟੇਸ਼ਨ ਲਿਸਟ ਵਿਚ ਸ਼ਾਮਲ ਪ੍ਰਵਾਸੀਆਂ ਦੀ ਗਿਣਤੀ ਬਾਰੇ ਪੁੱਛਿਆ ਤਾਂ ਲੋਕ ਸੁਰੱਖਿਆ ਮੰਤਰੀ ਨੇ ਜਵਾਬ ਦੇਣ ਤੋਂ ਨਾਂਹ ਕਰ ਦਿਤੀ ਪਰ ਬਾਅਦ ਵਿਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਖੀ ਐਰਿਨ ਓ ਗੌਰਮਨ ਨੇ ਸਾਫ਼ ਤੌਰ ’ਤੇ ਮੰਨਿਆ ਕਿ 32 ਹਜ਼ਾਰ ਗੈਰਕਾਨੂੰਨੀ ਪ੍ਰਵਾਸੀ ਫਰਾਰ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਪਰ ਨਾਲ ਹੀ ਕਿਹਾ ਕਿ ਇਹ ਅੰਕੜਾ ਘੱਟ-ਵੱਧ ਹੋ ਸਕਦਾ ਹੈ। ਕੈਨੇਡਾ-ਅਮਰੀਕਾ ਬਾਰਡਰ ਰਾਹੀਂ ਹੋਣ ਵਾਲੇ ਨਾਜਾਇਜ਼ ਪ੍ਰਵਾਸ ਦਾ ਜ਼ਿਕਰ ਕਰਦਿਆਂ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ 99 ਫ਼ੀ ਸਦੀ ਕਮੀ ਆਈ ਹੈ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਖਾਤਰ ਸੀ.ਬੀ.ਐਸ.ਏ. ਨੂੰ 55 ਮਿਲੀਅਨ ਡਾਲਰ ਦੇ ਵਾਧੂ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ।

    ਸੀ.ਬੀ.ਐਸ.ਏ. ਵੱਲੋਂ ਭਰਤੀ ਕੀਤੇ ਜਾ ਰਹੇ ਇਕ ਹਜ਼ਾਰ ਅਫ਼ਸਰ

    ਲੋਕ ਸੁਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਬਿਲ ਸੀ-12 ਰਾਹੀਂ ਕੈਨੇਡਾ ਦੇ ਇੰਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਨਵੇਂ ਕਾਨੂੰਨ ਰਾਹੀਂ 14 ਜੂਨ 2020 ਤੋਂ ਬਾਅਦ ਕੈਨੇਡਾ ਪੁੱਜੇ ਜਾਂ ਲੰਮੇ ਸਮੇਂ ਤੋਂ ਇਥੇ ਰਹਿ ਰਹੇ ਪ੍ਰਵਾਸੀਆਂ ਦੇ ਅਸਾਇਲਮ ਕਲੇਮ ਪ੍ਰਵਾਨ ਨਹੀਂ ਕੀਤੇ ਜਾਣਗੇ। ਅਮਰੀਕਾ ਦੇ ਰਸਤੇ ਨਾਜਾਇਜ਼ ਤਰੀਕੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਦੀਆਂ ਅਸਾਇਲਮ ਅਰਜ਼ੀਆਂ ਵੀ ਸਿੱਧੇ ਤੌਰ ’ਤੇ ਰੱਦ ਕਰ ਦਿਤੀਆਂ ਜਾਣਗੀਆਂ। ਪਾਰਲੀਮਾਨੀ ਕਮੇਟੀ ਦੀ ਬੈਠਕ ਦੌਰਾਨ ਗੈਰੀ ਆਨੰਦਸੰਗਰੀ ਨੇ ਇਹ ਵੀ ਦੱਸਿਆ ਕਿ ਭਾਵੇਂ ਬਜਟ ਸਮੀਖਿਆ ਦੌਰਾਨ ਆਰ.ਸੀ.ਐਮ.ਪੀ. ਅਤੇ ਸੀ.ਬੀ.ਐਸ.ਏ. ਨੂੰ ਮਿਲਣ ਵਾਲੇ ਫੰਡਾਂ ਵਿਚ 2 ਫੀ ਸਦੀ ਕਟੌਤੀ ਕੀਤੀ ਗਈ ਪਰ ਦੋਹਾਂ ਲਾਅ ਐਨਫੋਰਸਮੈਂਟ ਏਜੰਸੀਆਂ ਨੂੰ ਹਜ਼ਾਰ-ਹਜ਼ਾਰ ਵਾਧੂ ਅਫ਼ਸਰ ਵੀ ਮਿਲ ਰਹੇ ਹਨ। ਸੀ.ਬੀ.ਐਸ.ਏ. ਨਾਲ ਸਬੰਧਤ 800 ਅਫ਼ਸਰਾਂ ਨੂੰ 18 ਹਫ਼ਤੇ ਦੀ ਸਿਖਲਾਈ ਜਲਦ ਹੀ ਕਿਊਬੈਕ ਵਿਚ ਆਰੰਭੀ ਜਾ ਰਹੀ ਹੈ ਜਦਕਿ 200 ਹੋਰਨਾਂ ਨੂੰ ਅਪ੍ਰੇਸ਼ਨਲ ਸਟਾਫ਼ ਵਜੋਂ ਵਰਤਿਆ ਜਾਵੇਗਾ। ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਵਾਸਤੇ ਪੁਲਿਸ ਮਹਿਕਮਿਆਂ ਦੀ ਸੇਵਾ ਵੀ ਲਈ ਜਾਵੇਗੀ ਜਿਸ ਦੀ ਮਿਸਾਲ ਪੀਲ ਰੀਜਨਲ ਪੁਲਿਸ ਵੱਲੋਂ ਹਾਲ ਹੀ ਵਿਚ ਦਿਤੇ ਬਿਆਨ ਤੋਂ ਮਿਲਦੀ ਹੈ। ਪੀਲ ਪੁਲਿਸ ਨੇ ਆਪਣੀ ਕਿਸਮ ਦੇ ਪਹਿਲੇ ਬਿਆਨ ਵਿਚ ਕਿਹਾ ਸੀ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚੋਂ ਕੱਢਣ ਲਈ ਬਾਰਡਰ ਸਰਵਿਸਿਜ਼ ਏਜੰਸੀ ਅਤੇ ਪੀਲ ਕ੍ਰਾਊਨ ਅਟਾਰਨੀ ਦਫ਼ਤਰ ਨਾਲ ਤਾਲਮੇਲ ਕਾਇਮ ਕੀਤਾ ਗਿਆ ਹੈ।

    Next Story