ਕੈਨੇਡਾ : ਕਤਲ ਦੇ ਮੁਕੱਦਮੇ ’ਚ ਘਿਰੇ ਪੰਜਾਬੀਆਂ ਦੀ ਲੱਗੀ ਲਾਟਰੀ

ਮਿਲਟਨ : ਕੈਨੇਡਾ ਵਿਚ ਕਤਲ ਦਾ ਮੁਕੱਦਮਾ ਭੁਗਤ ਰਹੇ 2 ਪੰਜਾਬੀਆਂ ਦੀ ਲਾਟਰੀ ਲੱਗ ਗਈ ਜਦੋਂ ਸਬੰਧਤ ਜੱਜ ਨੇ ਕੈਦੀਆਂ ਨੂੰ ਤਸੀਹੇ ਦਿਤੇ ਜਾਣ ਦੀ ਘਟਨਾ ਨੂੰ ਆਧਾਰ ਬਣਾਉਂਦਿਆਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਰੱਦ ਕਰ ਦਿਤੇ। ਕਹਾਣੀ ਦੀ ਸ਼ੁਰੂਆਤ ਅਗਸਤ 2022 ਵਿਚ ਉਨਟਾਰੀਓ ਦੇ ਓਕਵਿਲ ਤੋਂ ਹੋਈ ਜਿਥੇ ਅਰਮਾਨ ਢਿੱਲੋਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਦਕਿ ਇਕ ਔਰਤ ਗੰਭੀਰ ਜ਼ਖਮੀ ਹੋ ਗਈ। ਪੁਲਿਸ ਵੱਲੋਂ ਕੀਤੀ ਪੜਤਾਲ ਦੇ ਆਧਾਰ ’ਤੇ ਅਪ੍ਰੈਲ 2023 ਵਿਚ ਐਡਮਿੰਟਨ ਦੇ ਕਰਨ ਵੀਰ ਸੰਧੂ, ਕੈਲਗਰੀ ਦੇ ਕੁਲਵੀਰ ਭਾਟੀਆ ਅਤੇ ਪਿਕਰਿੰਗ ਦੇ ਜੋਸਫ਼ ਰਿਚਰਡ ਵਿਟਲੌਕ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਅਤੇ ਇਰਾਦਾ ਕਤਲ ਦੇ ਦੋਸ਼ ਆਇਦ ਕੀਤੇ ਗਏ। ਦਸੰਬਰ 2023 ਵਿਚ ਤਿੰਨੋ ਜਣਿਆਂ ਨੂੰ ਮਿਲਟਨ ਦੀ ਜੇਲ ਯਾਨੀ ਮੇਪਲਹਰਸਟ ਕੁਰੈਕਸ਼ਨ ਕੰਪਲੈਕਸ ਵਿਚ ਲਿਜਾਇਆ ਗਿਆ ਜਿਥੇ ਜੇਲ ਅਫ਼ਸਰਾਂ ਵੱਲੋਂ ਕਥਿਤ ਤੌਰ ’ਤੇ ਕੈਦੀਆਂ ਨੂੰ ਤਸੀਹੇ ਦਿਤੇ ਜਾ ਰਹੇ ਸਨ।
ਜੱਜ ਨੇ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਹਟਾਏ
ਟੋਰਾਂਟੋ ਸਟਾਰ ਨੇ ਮੌਜੂਦਾ ਵਰ੍ਹੇ ਦੇ ਆਰੰਭ ਵਿਚ ਤਸੀਹਿਆਂ ਦੀ ਇਕ ਵੀਡੀਓ ਜਨਤਕ ਕਰ ਦਿਤੀ ਅਤੇ ਮਾਮਲਾ ਸੁਰਖੀਆਂ ਵਿਚ ਆ ਗਿਆ। ਉਨਟਾਰੀਓ ਦੇ ਓਮਬੁਡਜ਼ਮੈਨ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਪਰ ਇਸ ਦੌਰਾਨ ਕਈ ਕੈਦੀਆਂ ਦੀ ਸਜ਼ਾ ’ਤੇ ਅਸਰ ਪਿਆ ਹੈ। ਮਿਲਟਨ ਦੀ ਮੇਪਲਹਰਸਟ ਜੇਲ ਵਿਚ ਤਕਰੀਬਨ 1,500 ਕੈਦੀ ਬੰਦ ਹਨ ਅਤੇ ਇਸ ਨੂੰ ਦਰਮਿਆਨੀ ਤੇ ਵੱਧ ਸੁਰੱਖਿਆ ਵਾਲੀ ਜੇਲ ਮੰਨਿਆ ਜਾਂਦਾ ਹੈ। ਦੂਜੇ ਪਾਸੇ ਅਰਮਾਨ ਢਿੱਲੋਂ ਕਤਲ ਮਾਮਲੇ ਨੂੰ ਪੁਲਿਸ ਨੇ ਉਸ ਵੇਲੇ ਦਿਲਕੰਬਾਊ ਅਤੇ ਡੂੰਘੀ ਸਾਜ਼ਿਸ਼ ਦਾ ਸਿੱਟਾ ਕਰਾਰ ਦਿਤਾ ਸੀ ਪਰ ਸੁਪੀਰੀਅਰ ਕੋਰਟ ਦੇ ਜਸਟਿਸ ਕਲੇਟਨ ਕੌਨਲੈਨ ਨੇ ਸ਼ੁੱਕਰਵਾਰ ਨੂੰ ਸੁਣਾਏ ਫੈਸਲੇ ਵਿਚ ਕਿਹਾ ਕਿ ਮੇਪਲਹਰਸਟ ਜੇਲ ਵਿਚ ਕੈਦੀਆਂ ਨਾਲ ਕੀਤਾ ਗਿਆ ਵਰਤਾਉ ਬੇਹੱਦ ਹੌਲਨਾਕ ਸੀ ਅਤੇ ਹੁਣ ਮੁਲਜ਼ਮਾਂ ਵਿਰੁੱਧ ਮੁਕੱਦਮਾ ਨਹੀਂ ਚਲਾਇਆ ਜਾਵੇਗਾ। ਜਸਟਿਸ ਕਲੇਟਨ ਨੇ ਕਿਹਾ ਕਿ ਐਗਜ਼ੌਸਟ ਫੈਨ ਚਲਾ ਕੇ ਕੈਦੀਆਂ ਨੂੰ ਠੰਢ ਚੜ੍ਹਾਉਣ ਦੇ ਯਤਨ ਕੀਤੇ ਗਏ ਅਤੇ ਜੇਲ ਅਫ਼ਸਰਾਂ ਨੇ ਕੈਦੀਆਂ ਵੱਲ ਬੰਦੂਕਾਂ ਵੀ ਤਾਣ ਦਿਤੀਆਂ।
ਜੇਲ ਵਿਚ ਤਸੀਹਿਆਂ ਦਾ ਮੁੱਦਾ ਸਾਹਮਣੇ ਆਉਣ ’ਤੇ ਅਹਿਮ ਫੈਸਲਾ
ਅਜਿਹਾ ਵਤੀਰਾ ਕਿਸੇ ਤਸੀਹੇ ਤੋਂ ਘੱਟ ਨਹੀਂ। ਅਜਿਹੀਆਂ ਘਟਨਾਵਾਂ ਲੋਕਾਂ ਦੀ ਰੂਹ ਝੰਜੋੜ ਕੇ ਰੱਖ ਦਿੰਦੀਆਂ ਹਨ। ਹਾਲਾਤ ਦੇ ਮੱਦੇਨਜ਼ਰ ਗੋਲੀਬਾਰੀ ਦੇ ਪੀੜਤ ਪਰਵਾਰ ਹੁਣ ਮੁਕੱਦਮਾ ਅੱਗੇ ਵਧਦਾ ਨਹੀਂ ਦੇਖ ਸਕਣਗੇ। ਅਦਾਲਤ ਦੀਆਂ ਨਜ਼ਰਾਂ ਵਿਚ ਇਹ ਸਹੀ ਫੈਸਲਾ ਹੈ ਜੋ ਤੱਥਾਂ ਨੂੰ ਧਿਆਨ ਵਿਚ ਰਖਦਿਆਂ ਲਿਆ ਗਿਆ। ਅਰਮਾਨ ਢਿੱਲੋਂ ਦੇ ਪਰਵਾਰ ਵੱਲੋਂ ਫ਼ਿਲਹਾਲ ਅਦਾਲਤੀ ਫੈਸਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਅਤੇ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਕਰਨ ਵੀਰ ਸੰਧੂ ਅਤੇ ਕੁਲਵੀਰ ਭਾਟੀਆ ਵਿਰੁੱਧ ਕਿਹੜੇ ਦੋਸ਼ਾਂ ਅਧੀਨ ਮੁਕੱਦਮਾ ਚਲਾਇਆ ਜਾਵੇਗਾ। ਦੂਜੇ ਪਾਸੇ ਕਾਨੂੰਨ ਦੇ ਜਾਣਕਾਰਾਂ ਵੱਲੋਂ ਜਸਟਿਸ ਕਲੇਟਨ ਦੇ ਫੈਸਲੇ ਨੂੰ ਮੇਪਲਹਰਸਟ ਸਕੈਂਡਲ ਦਾ ਸਭ ਤੋਂ ਖ਼ਤਰਨਾਕ ਨਤੀਜਾ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਅਗਸਤ ਮਹੀਨੇ ਦੌਰਾਨ ਇਕ ਹੋਰ ਅਦਾਲਤ ਨੇ ਕਤਲ ਦੀ ਸਜ਼ਾ ਭੁਗਤ ਰਹੇ ਇਕ ਕੈਦੀ ਨੂੰ ਤੈਅਸ਼ੁਦਾ ਹੱਦ ਤੋਂ ਪਹਿਲਾਂ ਪੈਰੋਲ ਦੇਣ ਦੀ ਇਜਾਜ਼ਤ ਦੇ ਦਿਤੀ ਸੀ।
