ਕੈਨੇਡਾ ’ਚ 2 ਭਾਰਤੀ ਪਰਵਾਰਾਂ ’ਤੇ ਚੱਲੀਆਂ ਗੋਲੀਆਂ

ਸਰੀ : ਕੈਨੇਡਾ ਵਿਚ ਜਬਰੀ ਵਸੂਲੀ ਦੇ ਮਕਸਦ ਨਾਲ ਭਾਰਤੀ ਪਰਵਾਰਾਂ ਦੇ ਘਰਾਂ ਉਤੇ ਗੋਲੀਆਂ ਚਲਾਉਣ ਦਾ ਸਿਲਸਿਲਾ ਹੋਰ ਅੱਗੇ ਵਧ ਗਿਆ ਜਦੋਂ ਸਰੀ ਅਤੇ ਡੈਲਟਾ ਵਿਖੇ ਐਤਵਾਰ ਵੱਡੇ ਤੜਕੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸਰੀ ਪੁਲਿਸ ਨੇ ਦੱਸਿਆ ਕਿ 124ਵੀਂ ਸਟ੍ਰੀਟ ਦੇ 7800 ਬਲਾਕ ਵਿਚ ਸਵੇਰੇ ਪੌਣੇ ਤਿੰਨ ਵਜੇ ਗੋਲੀਆਂ। ਗੋਲੀਬਾਰੀ ਵੇਲੇ ਘਰ ਅੰਦਰ ਭਾਰਤੀ ਪਰਵਾਰ ਦੇ ਮੈਂਬਰ ਮੌਜੂਦ ਸਨ ਪਰ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਪੁੱਜਾ। ਉਧਰ ਡੈਲਟਾ ਪੁਲਿਸ ਨੇ ਦੱਸਿਆ ਕਿ 78 ਬੀ ਐਵੇਨਿਊ ਦੇ 11200 ਬਲਾਕ ਵਿਚ ਇਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਹ ਜਗ੍ਹਾ ਸਰੀ ਵਾਲੀ ਵਾਰਦਾਤ ਤੋਂ ਮਸਾਂ 12 ਬਲਾਕ ਦੂਰ ਹੈ। ਮੌਕੇ ’ਤੇ ਪੁੱਜੇ ਡੈਲਟਾ ਪੁਲਿਸ ਦੇ ਅਫ਼ਸਰਾਂ ਮੁਤਾਬਕ ਘਰ ਦੇ ਬਾਹਰ ਗੋਲੀਆਂ ਦੇ ਕਈ ਨਿਸ਼ਾਨ ਨਜ਼ਰ ਆਏ। ਸਟਾਫ਼ ਸਾਰਜੈਂਟ ਮਾਈਕ ਵਾਈਟਲੀ ਨੇ ਦੱਸਿਆ ਕਿ ਸ਼ੱਕੀ ਚਿੱਟੇ ਰੰਗ ਦੀ ਐਸ.ਯੂ.ਵੀ. ਵਿਚ ਆਏ ਅਤੇ ਇਕ ਜਣੇ ਨੇ ਬਾਹਰ ਨਿਕਲ ਕੇ ਘਰ ਉਤੇ ਗੋਲੀਆਂ ਚਲਾ ਦਿਤੀਆਂ।
ਸਰੀ ਅਤੇ ਡੈਲਟਾ ਵਿਚ ਵਾਪਰੀਆਂ ਵਾਰਦਾਤਾਂ
ਕੁਝ ਹੀ ਪਲਾਂ ਵਿਚ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਸ਼ੱਕੀ ਮੌਕੇ ਤੋਂ ਫਰਾਰ ਹੋ ਗਏ। ਮੁਢਲੀ ਪੜਤਾਲ ਮੁਤਾਬਕ ਇਹ ਵਾਰਦਾਤ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਮੰਨੀ ਜਾ ਰਹੀ ਹੈ ਅਤੇ ਐਕਸਟੌਰਸ਼ਨ ਦੇ ਨਜ਼ਰੀਏ ਤੋਂ ਵਾਰਦਾਤ ਨੂੰ ਘੋਖਿਆ ਜਾ ਰਿਹਾ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪ੍ਰੋਵਿਨਸ਼ੀਅਲ ਐਕਸਟੌਰਸ਼ਨ ਟਾਸਕ ਫ਼ੋਰਸ ਦੀ ਮਦਦ ਲਈ ਜਾ ਸਕਦੀ ਹੈ। ਇਸੇ ਦੌਰਾਨ ਸਰੀ ਦੀ ਵਾਰਦਾਤ ਬਾਰੇ ਸਟਾਫ਼ ਸਾਰਜੈਂਟ Çਲੰਡਜ਼ੀ ਹੌਟਨ ਨੇ ਕਿਹਾ ਕਿ ਫ਼ਿਲਹਾਲ ਪੜਤਾਲ ਮੁਢਲੇ ਗੇੜ ਵਿਚ ਹੈ ਪਰ ਗੋਲੀਬਾਰੀ ਨੂੰ ਟਾਰਗੈਟਡ ਮੰਨਿਆ ਜਾ ਰਿਹਾ ਹੈ। ਦੋਵੇਂ ਵਾਰਦਾਤਾਂ ਆਪਸ ਵਿਚ ਸਬੰਧਤ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਸ ਦੇ ਮੱਦੇਨਜ਼ਰ ਸਰੀ ਅਤੇ ਡੈਲਟਾ ਪੁਲਿਸ ਵੱਲੋਂ ਤਾਲਮੇਲ ਕਾਇਮ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਸਰੀ ਦੇ 103 ਏ ਐਵੇਨਿਊ ਦੇ 13000 ਬਲਾਕ ਵਿਚ ਵਾਪਰੀ ਗੋਲੀਬਾਰੀ ਦੀ ਵਾਰਦਾਤ ਦੌਰਾਨ ਇਕ ਔਰਤ ਗੰਭੀਰ ਜ਼ਖਮੀ ਹੋ ਗਈ ਸੀ।
ਜਬਰੀ ਵਸੂਲੀ ਦੇ ਨਜ਼ਰੀਏ ਤੋਂ ਕੀਤੀ ਜਾ ਰਹੀ ਪੜਤਾਲ
ਇਕੱਲੇ ਸਰੀ ਸ਼ਹਿਰ ਵਿਚ ਮੌਜੂਦਾ ਵਰ੍ਹੇ ਦੌਰਾਨ ਜਬਰੀ ਵਸੂਲੀ ਦੇ ਨਾਂ ’ਤੇ ਡਰਾਉਣ ਦੀਆਂ 65 ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ ਜਿਨ੍ਹਾਂ ਵਿਚੋਂ 35 ਵਿਚ ਗੋਲੀਆਂ ਚੱਲੀਆਂ। ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਗੋਲੀਬਾਰੀ ਦੇ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕਿਸੇ ਸ਼ੱਕੀ ਸਰਗਰਮੀ ਨਾਲ ਸਬੰਧਤ ਵੀਡੀਓ ਜਾਂ ਤਸਵੀਰਾਂ ਮੌਜੂਦ ਹੋਣ ਤਾਂ ਗੈਰ ਐਮਰਜੰਸੀ ਨੰਬਰ 604 599 0502 ’ਤੇ ਸੰਪਰਕ ਕਰਦਿਆਂ ਫਾਈਲ ਨੰਬਰ 25-94161 ਦਾ ਜ਼ਿਕਰ ਕੀਤਾ ਜਾਵੇ। ਇਸੇ ਦੌਰਾਨ ਬਰੈਂਪਟਨ ਵਿਖੇ ਕਈ ਗੱਡੀਆਂ ਅੱਗ ਲਾ ਕੇ ਫੂਕਣ ਦੀ ਵਾਰਦਾਤ ਸਾਹਮਣੇ ਆਈ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਹਾਈਵੇਅ 410 ਅਤੇ ਸਟੀਲਜ਼ ਐਵੇਨਿਊ ਈਸਟ ਨੇੜੇ ਇਕ ਆਟੋ ਬੌਡੀ ਸ਼ੌਪ ਨੂੰ ਨਿਸ਼ਾਨਾ ਬਣਾਇਆ ਗਿਆ। ਦੁਕਾਨ ਦੇ ਮਾਲਕ ਵੱਲੋਂ ਮੁਹੱਈਆ ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਅਗਜ਼ਨੀ ਦੀ ਵਾਰਦਾਤ ਤੋਂ ਪੰਜ ਮਿੰਟ ਪਹਿਲਾਂ ਇਕ ਸ਼ਖਸ ਗੇੜੇ ਲਾ ਰਿਹਾ ਸੀ। ਪੁਲਿਸ ਮੁਤਾਬਕ ਤਿੰਨ ਗੱਡੀਆਂ ਅਤੇ ਦੁਕਾਨ ਦਾ ਬਾਹਰੀ ਹਿੱਸਾ ਸੜ ਗਿਆ ਅਤੇ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ।
