ਬਰੈਂਪਟਨ 'ਚ ਹੋਈ ਦੂਸਰੀ ਪੰਜਾਬ ਕਨਕਲੇਵ ਸਫਲ ਰਹੀ, ਦਰਸ਼ਨ ਸਿੰਘ ਧਾਲੀਵਾਲ ਉਚੇਚੇ ਤੌਰ 'ਤੇ ਹੋਏ ਸ਼ਾਮਲ

ਬਰੈਂਪਟਨ 'ਚ 22 ਅਗਸਤ, ਦਿਨ ਸ਼ੁੱਕਰਵਾਰ ਨੂੰ ਦੂਜਾ ਪੰਜਾਬ ਕਨਕਲੇਵ 2025 ਸਫਲਤਾਪੂਰਵਕ ਸੰਪੰਨ ਹੋਇਆ। ਇਹ ਪ੍ਰੋਗਰਾਮ ਟੈਰੇਸ ਔਨ ਦ ਗ੍ਰੀਨ, ਬਰੈਂਪਟਨ ਵਿਖੇ ਕਰਵਾਇਆ ਗਿਆ। ਇਹ ਪ੍ਰੋਗਰਾਮ ਦੁਪਹਿਰ 3:30 ਵਜੇ ਸ਼ੁਰੂ ਹੋਇਆ ਅਤੇ ਰਾਤ ਦੇ 8 ਕੁ ਵਜੇ ਸਮਾਪਤ ਹੋਇਆ। ਇਸ ਪ੍ਰਗਰਾਮ 'ਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ। ਪਿਛਲੇ ਸਾਲ 2024 'ਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਅਤੇ ਪੱਤਰਕਾਰ ਕੰਵਰ ਸੰਧੂ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਮਾਣਯੋਗ ਸਰਦਾਰ ਕੰਵਰ ਸੰਧੂ ਨੇ ਦੱਸਿਆ ਕਿ ਇਹ ਸਰਹੱਦਾਂ ਤੋਂ ਪਾਰ ਪੰਜਾਬੀ ਭਾਈਚਾਰਿਆਂ ਦੇ ਭਵਿੱਖ ਨੂੰ ਆਕਾਰ ਦੇਣ ਵਾਲੇ ਨੇਤਾਵਾਂ, ਤਬਦੀਲੀ ਲਿਆਉਣ ਵਾਲਿਆਂ ਅਤੇ ਵਿਸ਼ਵਵਿਆਪੀ ਆਵਾਜ਼ਾਂ ਦਾ ਸਾਲਾਨਾ ਇਕੱਠ ਹੁੰਦਾ ਹੈ। ਇਸ ਪ੍ਰੋਗਰਾਮ 'ਚ ਹਰ ਸਾਲ ਤਿੰਨ ਮੁੱਦੇ ਰੱਖੇ ਜਾਂਦੇ ਹਨ ਜਿੰਨ੍ਹਾਂ ਉਪੱਰ ਵਿਚਾਰ-ਚਰਚਾ ਕਰਨ ਲਈ ਤਿੰਨ ਖਾਸ ਬੁਲਾਰੇ ਹੁੰਦੇ ਹਨ। ਪਿਛਲੇ ਸਾਲ ਵੀ ਤਿੰਨ ਮਸਲੇ ਰੱਖੇ ਗਏ ਸਨ ਜਿੰਨ੍ਹਾਂ ਉੱਪਰ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਸਨ। ਦੂਸਰੇ ਪੰਜਾਬ ਕਨਕਲੇਵ 'ਚ ਵੀ ਤਿੰਨ ਮਸਲੇ ਉਜ਼ਾਗਰ ਕੀਤੇ ਗਏ।
ਪਹਿਲਾਂ ਮਸਲਾ ਸੀ ਨਾਗਰਿਕ ਲੀਡਰਸ਼ਿਪ ਜਿਸ ਦੇ ਬੁਲਾਰੇ ਸਨ ਅਪਰਾਧ ਨਾਲ ਨਜਿੱਠਣ ਲਈ ਰਾਜ ਸਕੱਤਰ ਮਾਣਯੋਗ ਰੂਬੀ ਸਹੋਤਾ, ਦੂਸਰਾ ਮਸਲਾ ਜਨਤਕ ਸੁਰੱਖਿਆ ਦਾ ਸੀ ਜਿਸ ਦੇ ਬੁਲਾਰੇ ਸਨ ਓਨਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਮਾਣਯੋਗ ਪ੍ਰਬਮੀਤ ਸਿੰਘ ਸਰਕਾਰੀਆ, ਅਤੇ ਤੀਸਰਾ ਮਸਲਾ ਸੀ ਮੈਡੀਕਲ ਅਤੇ ਸਿੱਖਿਆ ਜਿਸ ਦੇ ਬੁਲਾਰੇ ਸਨ ਰੋਇਲ ਕਾਲਜ ਆਫ ਡੈਂਟਲ ਸਰਜਨਸ ਆਫ ਓਨਟਾਰੀਓ ਦੇ ਪ੍ਰਧਾਨ ਅਤੇ ਚੇਅਰ, ਡਾਕਟਰ ਹਰਿੰਦਰ ਸੰਧੂ। ਪੰਜਾਬ ਕਨਕਲੇਵ 2025 ਮੌਕੇ ਸਟੇਜ਼ ਦੀ ਅਗਵਾਈ ਤਰਨਜੀਤ ਕੌਰ ਘੁੰਮਣ ਵੱਲੋਂ ਕੀਤੀ ਗਈ। ਬਹੁਤ ਸੋਹਣੇ ਢੰਗ ਨਾਲ ਤਰਨਜੀਤ ਘੁੰਮਣ ਨੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪ੍ਰੋਗਰਾਮ 'ਚ ਹੋਰ ਵੀ ਕਈ ਮੁੱਖ ਮਹਿਮਾਨ ਪਹੁੰਚੇ, ਜਿੰਨ੍ਹਾਂ 'ਚੋਂ ਇੱਕ ਸਨ ਅਮਰੀਕਾ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸਰਦਾਰ ਦਰਸ਼ਨ ਸਿੰਘ ਧਾਲੀਵਾਲ। ਸਰਦਾਰ ਦਰਸ਼ਨ ਸਿੰਘ ਧਾਲੀਵਾਲ ਖਾਸ ਪੰਜਾਬ ਕਨਕਲੇਵ 'ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਸਰਦਾਰ ਕੰਵਰ ਸੰਧੂ ਨੇ ਕਿਹਾ ਕਿ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਧਾਲੀਵਾਲ ਸਾਬ੍ਹ ਖਾਸ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਅਮਰੀਕਾ ਤੋਂ ਕੈਨੇਡਾ ਆਏ ਹਨ। ਇਸ ਦੇ ਨਾਲ ਹੀ ਸਰਦਾਰ ਕੰਵਰ ਸੰਧੂ ਨੇ ਸਮਰਾ ਬ੍ਰਦਰਜ਼ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਨਾਲ ਹੀ ਪ੍ਰੋਗਰਾਮ ਦਾ ਹਿੱਸਾ ਬਣੇ ਮਹਿਮਾਨਾਂ ਦਾ ਵੀ ਧੰਨਵਾਦ ਕੀਤਾ।
ਦੱਸਦਈਏ ਕਿ ਇਸ ਮੌਕੇ 'ਤੇ ਕਈ ਰਾਜਨੀਤਿਕ ਆਗੂ ਵੀ ਮੌਜੂਦ ਸਨ। ਸਰੀ ਸੈਂਟਰ ਤੋਂ ਐੱਮਪੀ ਰਣਦੀਪ ਸਰਾਏ ਵੀ ਪਹੁੰਚੇ, ਬਰੈਂਪਟਨ ਵੈਸਟ ਤੋਂ ਐੱਮਪੀ ਅਮਰਜੀਤ ਗਿੱਲ, ਬਰੈਂਪਟਨ ਈਸਟ ਤੋਂ ਐੱਮਪੀਪੀ ਹਰਦੀਪ ਗਰੇਵਾਲ, ਰੀਜ਼ਨਲ ਕਾਊਂਸਲਰ ਰੋਡ ਪਾਵਰ ਵੀ ਮੌਜੂਦ ਸਨ। ਸਭ ਤੋਂ ਪਹਿਲਾਂ ਨਾਗਰਿਕ ਲੀਡਰਸ਼ਿਪ ਬਾਰੇ ਮਾਣਯੋਗ ਐੱਮਪੀ ਅਤੇ ਰਾਜ ਸਕੱਤਰ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਉੱਘੇ ਪੱਤਰਕਾਰ ਕੰਵਰ ਸੰਧੂ ਵੱਲੋਂ ਮਾਣਯੋਗ ਰੂਬੀ ਸਹੋਤਾ ਨਾਲ ਚਰਚਾ ਦੀ ਸ਼ੁਰੂਆਤ ਕੈਨੇਡਾ 'ਚ ਔਰਤਾਂ ਦੀ ਸਥਿਤੀ ਕਿਵੇਂ ਬਦਲ ਗਈ ਹੈ, ਇਸ ਤਰ੍ਹਾਂ ਕੀਤੀ ਗਈ। ਜਿਸ ਬਾਰੇ ਗੱਲ ਕਰਦਿਆਂ ਐੱਮਪੀ ਅਤੇ ਰਾਜ ਸਕੱਤਰ ਸਹੋਤਾ ਨੇ ਕਿਹਾ ਕਿ ਕੈਨੇਡਾ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰ ਔਰਤ ਕਾਮਯਾਬ ਹੈ ਕਿਉਂਕਿ ਇੱਥੇ ਕੋਈ ਰੋਕਣ ਵਾਲ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੱਥੇ ਹਰ ਖੇਤਰ 'ਚ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਚਰਚਾ 'ਚ ਕੈਨੇਡਾ 'ਚ ਵਧੇ ਹੋਏ ਕ੍ਰਾਇਮ, ਜਨਤਕ ਸੁਰੱਖਿਆ, ਨਵੇਂ ਕਾਨੂੰਨ, ਕੈਨੇਡਾ ਦੇ ਜ਼ਮਾਨਤ ਦੇ ਨਿਯਮਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ। ਇਸ ਚਰਚਾ ਤੋਂ ਬਾਅਦ ਦਰਸ਼ਕਾਂ ਨੂੰ ਵੀ ਸਵਾਲ ਪੁੱਛਣ ਦਾ ਮੌਕਾ ਦਿੱਤਾ ਗਿਆ।
ਪੰਜਾਬ ਕਨਕਲੇਵ 2025 ਦਾ ਦੂਜਾ ਮੁੱਦਾ ਸੀ ਜਨਤਕ ਸੁਰੱਖਿਆ ਜਿਸ ਉੱਪਰ ਚਰਚਾ ਕਰਨ ਲਈ ਓਨਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਮਾਣਯੋਗ ਪ੍ਰਬਮੀਤ ਸਿੰਘ ਸਰਕਾਰੀਆ ਪਹੁੰਚੇ। ਇਸ ਦੌਰਾਨ ਓਨਟਾਰੀਓ 'ਚ ਹਾਈਵੇਅ 413 ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਗਈ। ਕੰਵਰ ਸੰਧੂ ਨੇ ਮੰਤਰੀ ਸਰਕਾਰੀਆ ਨੂੰ ਪੁੱਛਿਆ ਕਿ ਓਨਟਾਰੀਓ 'ਚ ਹਾਈਵੇਅ 413 ਦੀ ਕਿਉਂ ਜ਼ਰੂਰਤ ਹੈ। ਲੋਕਾਂ ਦਾ ਕਹਿਣਾ ਹੈ ਕਿ ਨਵਾਂ ਹਾਈਵੇਅ ਬਣਾਉਣ ਦੀ ਬਜਾਏ ਜੋ ਪੁਰਾਣੇ ਹਾਈਵੇਅ ਹਨ ਉਨ੍ਹਾਂ 'ਚ ਹੀ ਸੁਧਾਰ ਲਿਆਂਦਾ ਜਾਵੇ। ਮੰਤਰੀ ਸਰਕਾਰੀਆ ਨੇ ਇਸ ਦੇ ਜਵਾਬ 'ਚ ਕਿਹਾ ਕਿ ਓਨਟਾਰੀਓ 'ਚ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਕਾਰਨ ਟ੍ਰੈਫਿਕ ਦੀ ਸਮੱਸਿਆ ਵੀ ਵੱਧ ਰਹੀ ਹੈ। ਆਬਾਦੀ ਵੱਧਣ ਕਾਰਨ ਲੋਕ ਕਈ-ਕਈ ਘੰਟੇ ਹਾਈਵੇਅ 'ਤੇ ਫਸੇ ਰਹਿੰਦੇ ਹਨ। ਇਸੀ ਕਾਰਨ ਸਾਡੀ ਸਰਕਾਰ ਨਵਾਂ ਹਾਈਵੇਅ ਬਣਾਉਣ ਜਾ ਰਹੀ ਹੈ ਜਿਸ ਨਾਲ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਸਕੇ। ਨਾਲ ਹੀ ਮੰਤਰੀ ਸਰਕਾਰੀਆ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵਾਤਾਵਰਨ ਦਾ ਵੀ ਪੂਰਾ ਧਿਆਨ ਰੱਖੇਗੀ ਕਿਉਂਕਿ ਨਵਾਂ ਹਾਈਵੇਅ ਕੱਢਣ ਲਈ ਵਾਤਾਵਰਨ ਨਾਲ ਛੇੜਛਾੜ ਕਰਨੀ ਪਵੇਗੀ ਜਿਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਅੱਧੇ ਘੰਟੇ ਦੀ ਚਰਚਾ ਤੋਂ ਬਾਅਦ ਦਰਸ਼ਕਾਂ ਵੱਲੋਂ ਵੀ ਆਪਣੇ ਸਵਾਲ ਪੁੱਛੇ ਗਏ।
ਪ੍ਰੋਗਰਾਮ 'ਚ ਤੀਸਰੇ ਬੁਲਾਰੇ ਸਨ ਰੋਇਲ ਕਾਲਜ ਆਫ ਡੈਂਟਲ ਸਰਜਨਸ ਆਫ ਓਨਟਾਰੀਓ ਦੇ ਪ੍ਰਧਾਨ ਅਤੇ ਚੇਅਰ, ਡਾਕਟਰ ਹਰਿੰਦਰ ਸੰਧੂ, ਜਿੰਨ੍ਹਾਂ ਦੁਆਰਾ ਆਪਣਾ ਤਜ਼ਰਬਾ ਸਾਂਝਾ ਕੀਤਾ ਗਿਆ। ਕੈਨੇਡਾ ਦੇ ਡੈਂਟਲ ਅਤੇ ਹੈਲਥ ਸਿਸਟਮ 'ਤੇ ਚਾਨਣਾ ਪਾਇਆ ਗਿਆ ਅਤੇ ਨਾਲ ਹੀ ਕੈਨੇਡਾ ਤੇ ਇੰਡੀਆ ਦੇ ਡੈਂਟਲ ਤੇ ਹੈਲਥ ਸਿਸਟਮ 'ਚ ਕੀ ਫਰਕ ਹੈ ਇਸ ਬਾਰੇ ਵੀ ਗੱਲਬਾਤ ਕੀਤੀ ਗਈ। ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਹੋਈ। ਅਖੀਰ 'ਚ ਕੰਵਰ ਸੰਧੂ ਜੀ ਦੀ ਧਰਮ ਪਤਨੀ ਬਿੱਟੂ ਸਫੀਨਾ ਸੰਧੂ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਖਾਸ ਕਰ ਉਨ੍ਹਾਂ ਨੇ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਜੋ ਕਿ ਖਾਸ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਬਰੈਂਪਟਨ ਪਹੁੰਚੇ। ਸਫੀਨਾ ਸੰਧੂ ਜੀ ਨੇ ਦੱਸਿਆ ਕਿ ਧਾਲੀਵਾਲ ਸਾਬ੍ਹ ਮੇਰੇ ਪਤੀ ਯਾਨੀ ਕੰਵਰ ਸੰਧੂ ਜੀ ਦੇ ਬਚਪਨ ਦੇ ਦੋਸਤ ਹਨ, ਇਕੱਠੇ ਪੜ੍ਹੇ ਹਨ। ਉਨ੍ਹਾਂ ਕਿਹਾ ਕਿ ਯਾਰੀ ਤੇ ਸਰਦਾਰੀ ਕਿਸੇ ਕਿਸੇ ਨੂੰ ਰਾਸ ਆਉਂਦੀ ਹੈ ਪਰ ਧਾਲੀਵਾਲ ਸਾਬ੍ਹ ਇੱਕ ਅਜਿਹੇ ਸ਼ਖਸ ਹਨ ਜਿੰਨ੍ਹਾਂ ਨੂੰ ਯਾਰੀ ਤੇ ਸਰਦਾਰੀ ਬਹੁਤ ਵਧੀਆ ਰਾਸ ਆਈ ਹੈ। ਨਾਲ ਹੀ ਉਨ੍ਹਾਂ ਹੋਰ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੀ ਸਮਾਪਤੀ ਕੀਤੀ।
