ਕੈਨੇਡਾ: ਓਨਟਾਰੀਓ 'ਚ ਮੰਤਰੀ ਬਣੀ ਨੀਨਾ ਤਾਂਗਰੀ ਨੇ ਮਨਾਇਆ ਜਿੱਤ ਦਾ ਜਸ਼ਨ

ਹਾਲ ਹੀ ਦੇ 'ਚ ਹੋਈਆਂ ਓਨਟਾਰੀਓ ਸੂਬਾਈ ਚੋਣਾਂ 'ਚ ਤੀਸਰੀ ਵਾਰ ਡੱਗ ਫੋਰਡ ਦੀ ਸਰਕਾਰ ਬਣੀ। ਪੀਸੀ ਪਾਰਟੀ ਦੇ ਜੇਤੂ ਉਮੀਦਵਾਰਾਂ ਵੱਲੋਂ ਜਸ਼ਨ ਮਨਾਏ ਗਏ ਅਤੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਬੀਤੇ ਦਿਨੀਂ ਮਿਸੀਸਾਗਾ ਸਟ੍ਰੀਟਸਵਿਲੇ ਤੋਂ ਐੱਮਪੀਪੀ ਨੀਨਾ ਤਾਂਗਰੀ ਵੱਲੋਂ ਜਿੱਤ ਦੀ ਖੁਸ਼ੀ ਮਨਾਉਣ ਲਈ ਮਿਸੀਸਾਗਾ ਦੇ ਅਪੋਲੋ ਕਨਵੈਨਸ਼ਨ ਸੈਂਟਰ 'ਚ ਪਾਰਟੀ ਰੱਖੀ ਗਈ ਜਿਸ 'ਚ ਉਨ੍ਹਾਂ ਨੇ ਆਪਣੀ ਟੀਮ, ਵਲੰਟੀਅਰਾਂ ਅਤੇ ਹੋਰ ਲੋਕਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਨੀਨਾ ਤਾਂਗਰੀ ਨੂੰ 2018 ਤੋਂ ਬਾਅਦ ਲਗਾਤਾਰ ਤੀਸਰੀ ਵਾਰ ਜਿੱਤ ਹਾਸਲ ਹੋਈ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਜਦੋਂ ਹਾਲ ਹੀ 'ਚ ਆਪਣੀ ਨਵੀਂ ਕੈਬਨਿਟ ਦਾ ਐਲਾਨ ਕੀਤਾ ਗਿਆ ਤਾਂ ਉਸ 'ਚ ਇੱਕ ਵਾਰ ਫਿਰ ਤੋਂ ਨੀਨਾ ਤਾਂਗਰੀ ਨੂੰ ਛੋਟੇ ਕਾਰੋਬਾਰਾਂ ਦੇ ਸਹਿਯੋਗੀ ਮੰਤਰੀ ਦਾ ਅਹੁਦਾ ਸੌਂਪਿਆ ਗਿਆ।
ਪਾਰਟੀ 'ਚ ਐੱਮਪੀਪੀ ਨੀਨਾ ਤਾਂਗਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਿਸੀਸਾਗਾ ਸਟ੍ਰੀਟਸਵਿਲੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੇ ਸਾਥ ਨਾਲ ਹੀ ਉਹ ਅੱਜ ਇਸ ਮੁਕਾਮ 'ਤੇ ਖੜ੍ਹੇ ਹਨ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਉਨ੍ਹਾਂ ਦੇ ਵਲੰਟੀਅਰਾਂ ਨੇ ਬਹੁਤ ਸਾਥ ਦਿੱਤਾ ਅਤੇ ਬਹੁਤ ਮਿਹਨਤ ਕੀਤੀ ਹੈ। ਨੀਨਾ ਤਾਂਗਰੀ ਦੇ ਪਤੀ ਅਸ਼ਵਨੀ ਜੀ ਨੇ ਵੀ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ 'ਤੇ ਨੀਨਾ ਤਾਂਗਰੀ ਦੇ ਸਹਿਯੋਗੀਆਂ ਨੇ ਕਿਹਾ ਕਿ ਨੀਨਾ ਤਾਂਗਰੀ ਵੱਲੋਂ ਪਿਛਲੇ ਕਈ ਤੋਂ ਬਹੁਤ ਚੰਗੇ ਕੰਮ ਕੀਤੇ ਗਏ ਹਨ। ਉਨ੍ਹਾਂ ਦੀ ਰਾਈਡਿੰਗ ਦੇ ਲੋਕਾਂ ਦੀ ਹਰ ਮੁਸ਼ਕਿਲ ਦਾ ਨੀਨਾ ਤਾਂਗਰੀ ਵੱਲੋਂ ਕੋਈ ਨਾ ਕੋਈ ਹੱਲ ਕੱਢਿਆ ਜਾਂਦਾ ਹੈ। ਸਹਿਯੋਗੀਆਂ ਨੇ ਕਿਹਾ ਕਿ ਨੀਨਾ ਤਾਂਗਰੀ ਇੱਕ ਵਧੀਆ ਨੇਤਾ ਹੋਣ ਦੇ ਨਾਲ-ਨਾਲ ਇੱਕ ਚੰਗੇ ਇਨਸਾਨ ਵੀ ਹਨ।
