ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਬੱਸ ਨੂੰ ਲੱਗੀ ਅੱਗ

ਸੁਰੱਖਿਆ ਸਟਾਫ਼ 'ਚ ਭਾਜੜ
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI Airport) 'ਤੇ ਅੱਜ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਏਅਰ ਇੰਡੀਆ SATS ਦੀ ਇੱਕ ਬੱਸ ਨੂੰ ਅੱਗ ਲੱਗ ਗਈ। ਇਸ ਘਟਨਾ ਕਾਰਨ ਪੂਰੇ ਹਵਾਈ ਅੱਡੇ 'ਤੇ ਹਫੜਾ-ਦਫੜੀ ਮਚ ਗਈ ਅਤੇ ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਵਿੱਚ ਭਾਜੜ ਪੈ ਗਈ।
ਇਹ ਹਾਦਸਾ ਮੰਗਲਵਾਰ ਦੁਪਹਿਰ ਲਗਭਗ 1 ਵਜੇ ਟਰਮੀਨਲ 3 'ਤੇ ਵਾਪਰਿਆ। ਇਹ ਬੱਸ ਉਹ ਸੀ ਜੋ ਯਾਤਰੀਆਂ ਨੂੰ ਟਰਮੀਨਲ ਤੋਂ ਜਹਾਜ਼ ਤੱਕ ਲੈ ਕੇ ਜਾਂਦੀ ਹੈ। ਅੱਗ ਲੱਗਣ ਸਮੇਂ ਬੱਸ ਵਿੱਚ ਕੋਈ ਵੀ ਯਾਤਰੀ ਸਵਾਰ ਨਹੀਂ ਸੀ, ਸਿਰਫ਼ ਬੱਸ ਦਾ ਡਰਾਈਵਰ ਹੀ ਮੌਜੂਦ ਸੀ, ਜਿਸ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਹਾਦਸੇ ਦੀ ਸੂਚਨਾ ਤੁਰੰਤ ਇੰਦਰਾ ਗਾਂਧੀ ਹਵਾਈ ਅੱਡਾ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਫਾਇਰ ਟੈਂਡਰ, ਸਥਾਨਕ ਪੁਲਿਸ, ਸੀਆਈਐਸਐਫ (CISF) ਅਤੇ ਹੋਰ ਸਬੰਧਤ ਏਜੰਸੀਆਂ ਮੌਕੇ 'ਤੇ ਪਹੁੰਚ ਗਈਆਂ।
ਸੁਰੱਖਿਆ ਕਰਮਚਾਰੀਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਬੱਸ ਦੀ ਜਾਂਚ ਕੀਤੀ ਜਾਵੇਗੀ।
